Punjab

ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪ੍ਰੈਲ ਤੋਂ ਸ਼ੁਰੂ : ਮੀਤ ਹੇਅਰ

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪ੍ਰੈਲ ਤੱਕ ਚੱਲਣਗੇ। ਇਸ ਵਾਰ ਟਰਾਇਲਾਂ ਦਾ ਦਾਇਰਾ ਵਧਾਇਆ ਗਿਆ ਹੈ ।  ਵੱਖ-ਵੱਖ ਖੇਡਾਂ ਦੇ ਟਰਾਇਲ 11 ਸਥਾਨਾਂ ਉਤੇ ਲਏ ਜਾਣਗੇ।ਜਿਸ ਤੋਂ ਬਾਅਦ ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟਰਾਇਲ 24 ਅਪ੍ਰੈਲ ਤੋਂ 26 ਅਪ੍ਰੈਲ ਤੱਕ ਚੱਲਣਗੇ।

ਇਸ ਸੰਬੰਧ ਵਿੱਚ ਹੋਰ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਪਹਿਲੀ ਵਾਰ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਹਨਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ ।

ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਿਕ ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਗਰੁੱਪਾਂ ਅੰਡਰ 10,12,14,17,19 ਤੇ ਅੰਡਰ 21 ਦੇ ਟਰਾਇਲ ਪਹਿਲਾਂ ਜ਼ਿਲਾ ਵਾਰ ਬਣਾਏ ਜ਼ੋਨਾਂ ਵਿੱਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟਰਾਇਲ ਹੋਣਗੇ। ਇਸ ਨਾਲ ਬਿਹਤਰੀਨ ਖਿਡਾਰੀ ਸਾਹਮਣੇ ਆਉਣਗੇ। ਟਰਾਇਲਾਂ ਵਾਲੇ ਸਥਾਨ ਵਾਲੇ ਜ਼ਿਲੇ ਵਿੱਚ ਸਬੰਧਤ ਜ਼ਿਲਾ ਖੇਡ ਅਫਸਰ ਨੂੰ ਇੰਚਾਰਜ ਲਗਾਇਆ ਗਿਆ ਹੈ।

ਅਲੱ-ਅਲੱਗ 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟਰਾਇਲ ਹੋਣਗੇ। ਜਿਸ ਵਿੱਚ ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ।ਇਹ ਖੇਡਾਂ ਅਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕਲਿੰਗ, ਤੈਰਾਕੀ, ਟੇਬਲ ਟੈਨਿਸ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਰੋਇੰਗ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ।

ਜ਼ਿਲ੍ਹਾ ਵਾਰ ਹੋਣ ਵਾਲੇ ਟਰਾਇਲਾਂ ਦੇ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਜ਼ਿਲੇ ਵਿੱਚ 3 ਤੇ 4 ਅਪ੍ਰੈਲ ਨੂੰ ਵੱਖ-ਵੱਖ ਖੇਡਾਂ ਦੇ ਹੋਣ ਵਾਲੇ ਟਰਾਇਲਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਦੇ ਖਿਡਾਰੀ, ਜਲੰਧਰ ਵਿਖੇ 6 ਤੇ 7 ਅਪ੍ਰੈਲ ਨੂੰ ਵੱਖ-ਵੱਖ ਖੇਡਾਂ ਦੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਖਿਡਾਰੀ ਤੇ ਲੁਧਿਆਣਾ ਵਿਖੇ 9 ਤੇ 10 ਅਪ੍ਰੈਲ ਨੂੰ ਲੁਧਿਆਣਾ, ਮੋਗਾ, ਮਲੇਰਕੋਟਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੇ ਵੱਖ-ਵੱਖ ਖੇਡਾਂ ਲਈ ਖਿਡਾਰੀ ਟਰਾਇਲ ਦੇਣਗੇ।

ਇਸੇ ਤਰਾਂ ਪਟਿਆਲਾ ਵਿਖੇ 12 ਤੇ 13 ਅਪ੍ਰੈਲ ਨੂੰ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹਿਆਂ, ਬਠਿੰਡਾ ਵਿਖੇ 15 ਤੇ 16 ਅਪ੍ਰੈਲ ਨੂੰ ਬਠਿੰਡਾ, ਬਰਨਾਲਾ ਤੇ ਮਾਨਸਾ ਜ਼ਿਲ੍ਹਿਆਂ, ਫਰੀਦਕੋਟ ਵਿਖੇ 18 ਤੇ 19 ਅਪ੍ਰੈਲ ਨੂੰ ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ, ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹਿਆਂ, ਐਸ.ਏ.ਐਸ. ਨਗਰ ਵਿਖੇ 21 ਤੇ 22 ਅਪ੍ਰੈਲ ਨੂੰ ਐਸ.ਏ.ਐਸ. ਨਗਰ ਤੇ ਰੂਪਨਗਰ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ।

 ਇਸ ਤੋਂ ਇਲਾਵਾ ਰੋਪੜ ਵਿਖੇ 3 ਤੇ 4 ਅਪ੍ਰੈਲ ਨੂੰ ਰੋਇੰਗ ਖੇਡ ਲਈ ਸਾਰੇ ਜ਼ਿਲ੍ਹਿਆਂ, ਬਰਨਾਲਾ ਵਿਖੇ 24 ਤੇ 25 ਅਪ੍ਰੈਲ ਨੂੰ ਟੇਬਲ ਟੈਨਿਸ ਖੇਡ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ 24 ਤੇ 25 ਅਪ੍ਰੈਲ ਨੂੰ ਫੁਟਬਾਲ ਲਈ ਸਾਰੇ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ।

ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ ਰਿਪੋਰਟਿੰਗ ਸਮਾਂ ਟਰਾਇਲ ਵਾਲੇ ਦਿਨ ਸਵੇਰੇ 8:30 ਹੋਵੇਗਾ।  ਖਿਡਾਰੀ ਲਈ ਪੰਜਾਬ ਸੂਬੇ ਦਾ ਵਸਨੀਕ ਹੋਣਾ ਜਰੂਰੀ ਹੈ ਤੇ ਉਸ ਲਈ ਪਿਛਲੇ ਤਿੰਨ ਸਾਲਾਂ ਵਿੱਚ ਜਿਲ੍ਹਾ,ਸਟੇਟ,ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਵਿੱਚ ਤਮਗ਼ਾ ਪ੍ਰਾਪਤ ਕੀਤਾ ਹੋਣਾ ਵੀ ਲਾਜ਼ਮੀ ਹੈ। ਇਸ ਤੋਂ ਇਲਾਵਾ ਜਿਨ੍ਹਾਂ ਖਿਡਾਰੀਆਂ ਦੇ ਮਾਤਾ,ਪਿਤਾ ਯੂ.ਟੀ. (ਚੰਡੀਗੜ੍ਹ) ਵਿਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਹਨ, ਦੇ ਬੱਚੇ ਵੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਆਉਣ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਗਿਣਤੀ ਵੱਧ ਜਾਣ ਉਪਰੰਤ ਸਬੰਧਤ ਸਥਾਨ ਉਤੇ ਟਰਾਇਲਾਂ ਦੀ ਮਿਤੀ ਇੱਕ ਦਿਨ ਲਈ ਹੋਰ ਵਧਾਈ ਜਾਵੇਗੀ। ਵਧੇਰੇ ਤੇ ਵਿਸਥਾਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ www.pispunjab.org ਉਤੇ ਉਪਲੱਬਧ ਹੈ।

ਵੱਖ ਵੱਖ ਜ਼ਿਲਿਆ ਵਿੱਚੋਂ ਚੁਣੇ ਗਏ ਹਾਕੀ ਖਿਡਾਰੀਆਂ (ਲੜਕੇ) ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪ੍ਰੈਲ ਨੂੰ ਹੋਣਗੇ। ਇਸੇ ਤਰ੍ਹਾਂ ਅਥਲੈਟਿਕਸ ਖਿਡਾਰੀਆਂ ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪ੍ਰੈਲ, ਬਾਸਕਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਲੁਧਿਆਣਾ ਵਿਖੇ 24 ਤੇ 25 ਅਪ੍ਰੈਲ, ਵਾਲੀਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ ਤੈਰਾਕੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ, ਹੈਂਡਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ, ਵੇਟਲਿਫਟਿੰਗ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪ੍ਰੈਲ, ਕੁਸ਼ਤੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪ੍ਰੈਲ, ਮੁੱਕੇਬਾਜ਼ੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪ੍ਰੈਲ, ਜੂਡੋ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪ੍ਰੈਲ, ਟੇਬਲ ਟੈਨਿਸ ਦੇ ਫਾਈਨਲ ਟਰਾਇਲ ਬਰਨਾਲਾ ਵਿਖੇ 26 ਅਪ੍ਰੈਲ ਅਤੇ ਫੁੱਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਮਾਹਿਲਪੁਰ ਫੁੱਟਬਾਲ ਅਕੈਡਮੀ (ਹੁਸ਼ਿਆਰਪੁਰ) ਵਿਖੇ 26 ਅਪ੍ਰੈਲ 2023 ਨੂੰ ਹੋਣਗੇ।