‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਕਿਸਮ ਦਾ ਇੱਕ ਵੱਖਰਾ ਫੈਸਲਾ ਲੈਂਦਿਆਂ ਕਿਹਾ ਹੈ ਕਿ ਸਰਕਾਰੀ ਪੈਸੇ ਦਾ ਲੈਣ-ਦੇਣ ਸਹਿਕਾਰੀ ਬੈਂਕਾਂ ਰਾਹੀਂ ਕੀਤਾ ਜਾਵੇ। ਇਹ ਫੈਸਲਾ ਸਹਿਕਾਰੀ ਬੈਂਕਾਂ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਮੀਲ ਪੱਥਰ ਸਾਬਿਤ ਹੋਵੇਗਾ। ਪੰਜਾਬ ਸਰਕਾਰ ਦਾ ਜ਼ਿਆਦਾਤਾਰ ਲੈਣ-ਦੇਣ ਸਟੇਟ ਬੈਂਕ ਆਫ ਇੰਡੀਆ ਰਾਹੀਂ ਹੁੰਦਾ ਹੈ। ਮੁੱਖ ਮੰਤਰੀ ਨੇ ਸਹਿਕਾਰਤਾ ਵਿਭਾਗ ਵੱਲੋਂ ਅੱਜ ਮੁਹਾਲੀ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਮੁੜ ਤੋਂ ਪੁਲਿਸ ਮੁਲਾਜ਼ਮਾਂ ਨੂੰ ਮਹੀਨਾ ਲੈਣਾ ਬੰਦ ਕਰਨ ਲਈ ਤਾੜਿਆ, ਨਾਲ ਹੀ ਮਾਫੀਆ ਨੂੰ ਖਤਮ ਕਰਨ ਦਾ ਹੁਕਮ ਮੁੜ ਤੋਂ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਯਕੀਨੀ ਬਣਾਵੇ ਕਿ ਰੇਤਾ 9 ਰੁਪਏ ਪ੍ਰਤੀ ਫੁੱਟ ਦੇ ਸਰਕਾਰੀ ਭਾਅ ਦੇ ਹਿਸਾਬ ਨਾਲ ਮਿਲਣ ਲੱਗੇ ਪਵੇ। ਉਨ੍ਹਾਂ ਨੇ ਸਹਿਕਾਰਤਾ ਵਿਭਾਗ ਦੇ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀ ਹਾਸਿਲ ਕਰਨ ਵਾਲੇ 750 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਨ੍ਹਾਂ ਵਿੱਚ ਹਾਊਸਿੰਗ ਬੋਰਡ, ਸ਼ੂਗਰ ਫੈੱਡ ਦੇ ਮੁਲਾਜ਼ਮ ਸ਼ਾਮਿਲ ਸਨ। ਸਮਾਗਮ ਵਿੱਚ ਕਈ ਸਿਆਸੀ ਨੇਤਾਵਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ।