India Punjab

ਟਿਕੈਤ ਨੇ ਸਰਕਾਰ ਨੂੰ ਦਿੱਤੀ ਖੁੱਲ੍ਹੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਅਲਟੀਮੇਟਮ ਦਿੱਤਾ ਹੈ। ਟਿਕੈਤ ਨੇ ਇੱਕ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ 26 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਉਸ ਤੋਂ ਬਾਅਦ 27 ਨਵੰਬਰ ਤੋਂ ਕਿਸਾਨ ਆਪਣੇ-ਆਪਣੇ ਪਿੰਡਾਂ ਤੋਂ ਟਰੈਕਟਰਾਂ ਨਾਲ ਦਿੱਲੀ ਦੇ ਚਾਰੇ ਪਾਸਿਆਂ ਤੋਂ ਅੰਦੋਲਨ ਵਾਲੀਆਂ ਥਾਂਵਾਂ ‘ਤੇ ਪਹੁੰਚਣਗੇ ਅਤੇ ਪੱਕੀ ਕਿਲ੍ਹੇਬੰਦੀ ਦੇ ਨਾਲ ਅੰਦੋਲਨ ਵਾਲੀ ਥਾਂ ‘ਤੇ ਤੰਬੂਆਂ ਨੂੰ ਮਜ਼ਬੂਤ ਕਰਨਗੇ। ਇਸ ਤੋਂ ਪਹਿਲਾਂ ਅਜੇ ਕੱਲ੍ਹ ਹੀ ਟਿਕੈਤ ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ਜੇਕਰ ਕਿਸਾਨਾਂ ਨੂੰ ਜ਼ਬਰਦਸਤੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਸਰਕਾਰੀ ਦਫ਼ਤਰਾਂ ਨੂੰ ਗੱਲਾ ਮੰਡੀ ਵਿੱਚ ਤਬਦੀਲ ਕਰ ਦੇਵਾਂਗੇ।