Punjab

ਜਦੋਂ ਗੁੱਜਰਾਂ ਵਿੱਚ ਮੁਗਲਾਂ ਵਾਲੀ ਰੂਹ ਦਿਸੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖਾਂ ਨਾਲ ਪੰਜਾਬ ਤੋਂ ਬਾਹਰ ਅਨਿਆਂ, ਕੁੱਟਮਾਰ, ਧੱਕੇਸ਼ਾਹੀ ਅਤੇ ਸਿੱਖੀ ਸਰੂਪ ਦੀ ਬੇਅਦਬੀ ਹੋਣ ਦੀਆਂ ਖ਼ਬਰਾਂ ਤਾਂ ਬੜੀ ਵਾਰ ਪੜਨ ਸੁਣਨ ਨੂੰ ਮਿਲਦੀਆਂ ਰਹੀਆਂ ਹਨ ਪਰ ਘਰ ਆ ਕੇ ਬਾਹਰਲੇ ਧੱਕੇਸ਼ਾਹੀ ਕਰ ਜਾਣ, ਇਹ ਘੱਟ ਵੱਧ ਹੀ ਵਾਪਰਿਆ। ਕੋਈ ਮੁਗਲਾਂ ਦੀ ਤਰ੍ਹਾਂ ਧੀਆਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਜੁਰਅੱਤ ਕਰੇ, ਸਿੱਖ ਭਾਈਚਾਰਾ ਭਲਾ ਈਨ ਮੰਨ ਲਵੇ, ਇਹ ਕਦਾਚਿੱਤ ਮਨਜ਼ੂਰ ਨਹੀਂ। ਮਜੀਠਾ ਦੇ ਪਿੰਡ ਇਨਾਇਤਪੁਰ ਵਿੱਚ ਬਾਹਰੋਂ ਆ ਕੇ ਵਸੇ ਗੁੱਜਰ ਭਾਈਚਾਰੇ ਨੇ ਪੂਰੇ ਪਿੰਡ ਦੇ ਸਿੱਖਾਂ ਨੂੰ ਵਖ਼ਤ ਪਾ ਰੱਖਿਆ ਹੈ। ਪਿੰਡ ਦਾ ਮੁਖੀਆ ਵੀ ਸੁਰੱਖਿਅਤ ਨਹੀਂ। ਸਾਬਕਾ ਸਰਪੰਚ ਵੀ ਧੱਕੇ ਚੜਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਜਸਵੀਰ ਸਿੰਘ ਮੁਤਾਬਕ ਪੰਜਾਬ ਪੁਲਿਸ ਦੀ ਪੀੜਤ ਸਿੱਖਾਂ ਦੇ ਹੱਕ ਵਿੱਚ ਨਹੀਂ ਭੁਗਤ ਰਹੀ ਹੈ। ਇੱਕ ਦਰਜਨ ਦੇ ਕਰੀਬ ਭਾਈਚਾਰਿਆਂ ਨਾਲ ਸਬੰਧਿਤ ਜਥੇਬੰਦੀਆਂ ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਲਈ ਪਿੰਡ ਵਿੱਚ ਆ ਡਟੀਆਂ ਹਨ। ਯੂਨੀਅਨ ਦੇ ਜਸਵੀਰ ਸਿੰਘ ਦਾ ਦੋਸ਼ ਹੈ ਕਿ ਗੁੱਜਰ ਭਾਈਚਾਰੇ ਨੇ ਧੱਕੇ ਨਾਲ ਸਿੱਖਾਂ ਦੀ ਕੁੱਟਮਾਰ ਵੀ ਕੀਤੀ ਅਤੇ ਧੀਆਂ ਦੀ ਇੱਜ਼ਤ ਨੂੰ ਵੀ ਵੰਗਾਰਿਆ। ਪਰ ਪੁਲਿਸ ਹਮਲਾਵਰਾਂ ਦੇ ਖਿਲਾਫ਼ ਪਰਚਾ ਦਰਜ ਨਹੀਂ ਕਰ ਰਹੀ।

ਪਿੰਡ ਇਨਾਇਤਪੁਰ ਦੇ ਸਿੱਖ ਭਾਈਚਾਰੇ ਨਾਲ ਸਬੰਧਿਤ ਇੱਕ ਦਰਜਨ ਦੇ ਕਰੀਬ ਵਾਸੀ ਹਸਪਤਾਲ ਦਾਖਲ ਹਨ। ਪਿੰਡ ਦੀ ਮਹਿਲਾ ਸਰਪੰਚ ਦਾ ਇਲਾਜ ਵੀ ਹਸਪਤਾਲ ਵਿੱਚ ਚੱਲ ਰਿਹਾ ਹੈ ਜਦਕਿ ਸਾਬਕਾ ਸਰਪੰਚ ਨੂੰ ਗੁੱਜਰਾਂ ਦੀ ਗੋਲੀ ਦੇ ਸ਼ਰੇ ਲੱਗੇ ਹਨ। ਪੁਲਿਸ ਨੇ ਪਿੰਡ ਦੇ ਹਸਪਤਾਲ ਵਿੱਚ ਦਾਖਲ ਇੱਕ ਦਰਜਨ ਸਿੱਖ ਨੌਜਵਾਨਾਂ ਦੇ ਖਿਲਾਫ਼ ਪੁਲਿਸ ਕੇਸ ਦਰਜ ਕਰ ਲਿਆ ਹੈ। ਹਮਲਾਵਰ ਗੁੱਜਰਾਂ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਕਈ ਬੇਕਸੂਰ ਲੋਕਾਂ ਦੇ ਨਾਂ ਐੱਫ਼ਆਈਆਰ ਵਿੱਚ ਦਰਜ ਕਰਵਾ ਦਿੱਤੇ ਹਨ। ਇਸਦੇ ਉਲਟ ਪੁਲਿਸ ਹਮਲਾਵਰ ਗੁੱਜਰਾਂ ਉੱਤੇ ਪਰਚਾ ਦਰਜ ਕਰਨ ਲਈ ਤਿਆਰ ਨਹੀਂ ਹੈ। ਪੁਲਿਸ ਨੇ ਕਥਿਤ ਤੌਰ ‘ਤੇ ਲੜਾਈ ਵਿੱਚ ਸ਼ਾਮਿਲ ਸਿੱਖਾਂ ਉੱਤੇ ਆਈਪੀਸੀ ਦੀ ਧਾਰਾ 26, 302, 307, 148 ਅਤੇ 149 ਤਹਿਤ ਕੇਸ ਦਰਜ ਕੀਤਾ ਹੈ। ਸਿੱਖਾਂ ਦੀ ਕੁੱਟਮਾਰ ਕਰਨ ਵਾਲੇ ਗੁੱਜਰ ਭਾਈਚਾਰੇ ਖਿਲਾਫ਼ ਕੇਸ ਦਰਜ ਕਰਨ ਤੋਂ ਆਨਾ ਕਾਨੀ ਕੀਤੀ ਜਾ ਰਹੀ ਹੈ।

ਗੁੱਜਰ ਪਰਿਵਾਰ ਮਜੀਠਾ ਹਲਕੇ ਵਿੱਚ ਕਈ ਥਾਂ ਡੇਰੇ ਲਾਈ ਬੈਠੇ ਹਨ। ਪਹਿਲਾਂ ਪਹਿਲ ਉਹ ਫਸਲਾਂ ਪੱਕਣ ਵੇਲੇ ਪਸ਼ੂਆਂ ਦੇ ਚਾਰੇ ਦਾ ਬੰਦੋਬਸਤ ਕਰਨ ਲਈ ਆਇਆ ਕਰਦੇ ਸਨ ਪਰ ਹੁਣ ਅੱਗ ਮੰਗਣ ਬਹਾਨੇ ਘਰ ਉੱਤੇ ਕਬਜ਼ਾ ਕਰਕੇ ਬੈਠ ਗਏ ਹਨ। ਪਿੰਡ ਇਨਾਇਤਪੁਰ ਸਮੇਤ ਮਜੀਠਾ ਹਲਕੇ ਦੇ ਆਲੇ ਦੁਆਲੇ ਦੇ ਗੁੱਜਰਾਂ ਦਾ ਦੁੱਧ ਦਾ ਕਾਰੋਬਾਰ ਹੈ। ਸੁਭਾਅ ਪੱਖੋਂ ਲੜਾਕੇ ਮੰਨੇ ਜਾਂਦੇ ਗੁੱਜਰਾਂ ਵੱਲੋਂ ਸਿੱਖ ਭਾਈਚਾਰੇ ਉੱਤੇ ਵਧੀਕੀਆਂ ਕਰਨ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਵਾਰ ਸਿੱਖ ਅਤੇ ਗੁੱਜਰ ਭਾਈਚਾਰੇ ਨਾਲ ਸਬੰਧਿਤ ਦੋ ਪਰਿਵਾਰਾਂ ਖਿਲਾਫ਼ ਤਕਰਾਰ ਰਸਤੇ ਨੂੰ ਲੈ ਕੇ ਹੋਇਆ। ਬਾਅਦ ਵਿੱਚ ਤਿੰਨ ਪਿੰਡਾਂ ਦੇ ਗੁੱਜਰ ਪਰਿਵਾਰ ਇਕੱਠੇ ਹੋ ਕੇ ਇਨਾਇਤਪੁਰ ਉੱਤੇ ਹਮਲਾ ਕਰਨ ਆ ਗਏ, ਜਿੱਥੇ ਉਨ੍ਹਾਂ ਨੇ ਕੁੱਟਮਾਰ ਵੀ ਕੀਤੀ ਅਤੇ ਮੁਗਲਾਂ ਦੀ ਤਰ੍ਹਾਂ ਔਰਤਾਂ ਦੀ ਇੱਜ਼ਤ ਨੂੰ ਵੀ ਵੰਗਾਰਿਆ। ਕਈ ਘਰਾਂ ਵਿੱਚ ਵੜ ਕੇ ਉਹ ਕੁੱਟਮਾਰ ਕਰਦੇ ਰਹੇ। ਅਸਲੇ ਅਤੇ ਹਥਿਆਰਾਂ ਨਾਲ ਲੈਸ ਗੁੱਜਰ ਭਾਈਚਾਰੇ ਨਾਲ ਸਬੰਧਿਤ ਹਮਲਾਵਰਾਂ ਨੇ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕੀਤਾ। ਸਿੱਖ ਭਾਈਚਾਰੇ ਵੱਲੋਂ ਕੀਤੇ ਬਚਾਅ ਦੌਰਾਨ ਦੋ ਗੁੱਜਰਾਂ ਦੀ ਜਾਨ ਚਲੀ ਗਈ।

ਸਿੱਖ ਸੰਸਥਾਵਾਂ ਨਾਲ ਸਬੰਧਿਤ ਕੋਈ 600 ਦੇ ਕਰੀਬ ਨੌਜਵਾਨਾਂ ਨੇ ਪਿੰਡ ਵਾਸੀਆਂ ਦੇ ਬਚਾਅ ਅਤੇ ਇਨਸਾਫ਼ ਦਿਵਾਉਣ ਲਈ ਡੇਰਾ ਲਾ ਲਿਆ ਹੈ। ਅੱਜ ਜ਼ਿਲ੍ਹੇ ਦੇ ਐੱਸਐੱਸਪੀ ਨੇ ਆਪ ਆ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ। ਉਂਝ, ਝਗੜੇ ਤੋਂ ਬਾਅਦ ਮਜੀਠਾ ਦੇ ਐੱਸਐੱਚਓ ਦਾ ਤਬਾਦਲਾ ਰੇੜਕੇ ਦੇ ਹੱਲ ਵਿੱਚ ਰੋੜਾ ਬਣਨ ਲੱਗਾ ਹੈ।