Punjab

ਸ਼੍ਰੋਮਣੀ ਕਮੇਟੀ ਨੇ ਬਾਗੀਆਂ ਨੂੰ ਲੰਮੇ ਹੱਥੀਂ ਲਿਆ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਲਤ ਬਿਆਨਬਾਜ਼ੀ ਨੂੰ ਸਿਆਸਤ ਤੋਂ ਪ੍ਰੇਰਿਤ ਤੋਂ ਦੱਸਦਿਆਂ ਐਸਜੀਪੀਸੀ ਦੇ ਮੈਂਬਰ ਮਿੱਠੂ ਸਿੰਘ ਕਾਹਨੂੰਕੇ ਦੇ ਦੋਸ਼ਾਂ ਨੂੰ ਨਿਰਮੂਲ ਦੱਸਿਆ ਹੈ।ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ  ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮੇਟੀ ਵਿੱਚ ਰਹਿ ਕੇ ਅਹੁਦੇ ਦਾ ਆਨੰਦ ਮਾਨਣ ਵਾਲੇ ਪਿੱਛੋਂ ਸਿਆਸੀ ਲੀਡਰਾਂ ਦੇ ਹੱਥਾਂ ਵਿੱਚ ਖੇਡ ਕੇ ਸਿੱਖਾਂ ਦੀ ਸਰਬ ਉੱਚ ਸੰਸਥਾਂ ਨੂੰ ਢਾਹ ਲਾਉਣ ‘ਤੇ ਉੱਤਰ ਆਉਦੇ ਹਨ। ਉਨਾਂ ਨੇ ਕਾਹਨੂੰਕੇ ਵੱਲੋਂ ਕਮੇਟੀ ਦੇ ਅਗਲੇ ਬਜਟ ਨੂੰ ਲੀਕ ਕਰਨ ਨੂੰ ਘਟੀਆ ਹਰਕਤ ਦੱਸਿਆ ਹੈ।

ਪ੍ਰੈਸ ਕਾਨਫਰੰਸ ਵਿੱਚ ਮੌੰਜੂਦ ਭਾਈ ਰਾਮ ਸਿੰਘ ਅਤੇ ਜਨਰਲ ਸਕੱਤਰ  ਸੁਖਵਿੰਦਰ ਸਿੰਘ ਨੇ ਕਮੇਟੀ ਦੀਆਂ ਜਾਇਦਾਦਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾ ਰਿਹਾ ਹੈ ਅਤੇ ਇਹ ਹਾਲੇ ਵੀ ਲੋਕਲ ਗੁਰਦੁਆਰਿਆਂ ਦੇ ਨਾਂ ਬੋਲਦੀਆਂ ਹਨ।

ਦੱਸ ਦਈਏ ਕਿ ਐਸਜੀਪੀਸੀ ਦੇ ਮੈਂਬਰ ਮਿੱਠੂ ਸਿੰਘ ਕਾਹਨੂੰਕੇ ਇਤਰਾਜ਼ ਉਠਾਇਆ ਸੀ ਕਿ ਗੁਰਦੁਆਰਾ ਸਾਹਿਬ ਵਿੱਚੋਂ ਪ੍ਰਾਪਤ ਕੀਤੇ ਜਾਂਦੇ ਵਿਦਿਅਕ ਭਲਾਈ ਫੰਡ ਦੀ ਰਕਮ ਕਮੇਟੀ ਦੇ ਸਿੱਧੇ ਪ੍ਰਬੰਧ ਅਧੀਨ ਚੱਲ ਰਹੀਆਂ ਸਿਖਿਆ ਸੰਸਥਾਵਾਂ ਨੂੰ ਨਿਗੂਣਾਂ ਹਿੱਸਾ ਜਾਂਦਾ ਹੈ। ਇਕੱਠੇ ਕੀਤੇ ਜਾਂਦੇ ਵਿਦਿਅਕ ਫੰਡਾਂ ਦੀ ਰਕਮ ਦਾ ਵੱਡਾ ਹਿੱਸਾ ਪ੍ਰਾਈਵੇਟ ਟਰੱਸਟਾਂ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਨੂੰ ਦਿੱਤਾ ਜਾ ਰਿਹਾ ਹੈ।ਇਹ ਸਾਰੇ ਪ੍ਰਾਈਵੇਟ ਟਰੱਸਟ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਚੱਲਦੇ ਆ ਰਹੇ ਹਨ ਜਿਨ੍ਹਾਂ ਨੇ ਐਸਜੀਪੀਸੀ ਦੀ ਅਰਬਾਂ ਰੂਪਏ ਦੀ ਜਾਇਦਾਦ ਉੱਤੇ ਨਜਾਇਜ਼ ਕਬਜਾ ਵੀ ਕੀਤਾ ਹੋਇਆ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਟਰੱਸਟਾਂ ਅਧੀਨ ਚਲ ਰਹੇ ਵਿਦਿਅਕ ਅਦਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਸ਼੍ਰੀ ਫਤਿਹਗੜ੍ਹ ਸਾਹਿਬ, ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ, ਮੈਡੀਕਲ ਕਾਲਜ ਅੰਮ੍ਰਿਤਸਰ, ਮੈਡੀਕਲ ਕਾਲਜ ਸ਼ਾਹਬਾਜ਼ ਮਾਰਕੰਡਾ, ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ, , ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਸ਼੍ਰੀ ਫਤਿਹਗੜ੍ਹ ਸਾਹਿਬ ਆਦਿ ਵੀ ਆਰਥਿਕ ਘਾਟੇ ਨਾਲ ਜੂਝ ਰਹੇ ਹਨ।