India

ਓਲੰਪਿਕਸ ਤੋਂ ਆਈ ਭਾਰਤ ਲਈ ਖ਼ੁਸ਼ਖ਼ਬਰੀ, ਪੰਜਾਬੀਆਂ ਨੇ ਬਖੇਰਿਆ ਜਲਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟੋਕੀਓ ਓਲੰਪਿਕਸ ‘ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਕੁਆਲੀਫਾਈ ਕਰ ਲਿਆ ਹੈ। ਭਾਰਤੀ ਹਾਕੀ ਟੀਮ ਨੇ ਕੁਆਰਟਰ ਫਾਇਨਲ ਵਿੱਚ ਬ੍ਰਿਟੇਨ ਦੀ ਹਾਕੀ ਟੀਮ ਨੂੰ  3-1 ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਵਲੋਂ ਖੇਡਦਿਆਂ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਵਲੋਂ ਇੱਕ- ਇਕ ਗੋਲ ਕੀਤਾ। ਹੁਣ ਭਾਰਤੀ ਹਾਕੀ ਟੀਮ ਸੈਮੀਫਾਇਨਲ ਵਿੱਚ ਬੈਲਜ਼ੀਅਮ ਨਾਲ ਹਾਕੀ ਮੈਚ ਖੇਡੇਗੀ। ਓਲੰਪਿਕਸ ਵਿੱਚ 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਸੈਮੀਫਾਇਨਲ ਵਿੱਚ ਪਹੁੰਚੀ ਹੈ। 1980 ਤੋਂ ਬਾਅਦ ਪਹਿਲੀ ਵਾਰ ਭਾਰਤ ਨੇ ਓਲੰਪਿਕ ਵਿਚ ਹਾਕੀ ਦੇ ਸੈਮੀ-ਫਾਈਨਲ ਵਿੱਚ ਪ੍ਰਵੇਸ਼ ਕਰਕੇ ਇਤਿਹਾਸ ਰਚਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਸ਼ਾਨਦਾਰ ਪ੍ਰਦਰਸ਼ਨ ਸੀ। ਉਨ੍ਹਾਂ ਨੇ ਹਾਕੀ ਟੀਮ ਨੂੰ ਸੋਨੇ ਦਾ ਤਗਮਾ ਜਿੱਤਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।