Punjab

ਮੋਤੀਆਂ ਵਾਲੀ ਸਰਕਾਰ ਨੇ ‘ਸ਼ੁਭ ਕੰਮ’ ਦੀ ਘਰੋਂ ਕੀਤੀ ਸ਼ੁਰੂਆਤ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਨੇ ਸਿਆਸੀ ਫਿਜ਼ਾ ਬਦਲਣ ਤੋਂ ਬਾਅਦ ਘਰ ਦੀ ਸਰਦਲ ਟੱਪਣੀ ਸ਼ੁਰੂ ਕਰ ਦਿੱਤੀ ਹੈ। ਕੈਪਟਨ ਨੇ ਲੋਕ ਹਿੱਤਾਂ ਵੱਲ ਰੁਖ਼ ਕਰਦਿਆਂ ਸ਼ੁਭ ਕੰਮ ਦੀ ਸ਼ੁਰੂਆਤ ਘਰੋਂ ਸ਼ੁਰੂ ਕੀਤੀ ਹੈ। ਕੈਪਟਨ ਦੀ ਰਿਹਾਇਸ਼ ਤੋਂ ਸਿਰਫ਼ 15 ਕਿਲੋਮੀਟਰ ਦੂਰ ਅਤੇ ਉਨ੍ਹਾਂ ਦੀ ਪਤਨੀ ਪ੍ਰਣੀਤ ਕੌਰ ਦੇ ਹਲਕੇ ਵਿੱਚ ਵਸੇ ਸ਼ਹਿਕ ਜ਼ੀਰਕਪੁਰ ਵਿੱਚ ਨਾਜਾਇਜ਼ ਕਾਲੋਨੀਆਂ ਉਸਾਰਨ ਵਾਲਿਆਂ ਦੇ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਮੁਹਾਲੀ ਦੇ ਏਡੀਸੀ ਨੇ ਤੁਰੰਤ ਨਗਰ ਕੌਂਸਲ ਅਧਿਕਾਰੀਆਂ ਤੋਂ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਮੰਗ ਲਈ ਹੈ। ਜ਼ੀਰਕਪੁਰ ਵਿੱਚ ਪਿਛਲੇ ਸਮੇਂ ਖੁੰਭਾਂ ਦੀ ਤਰ੍ਹਾਂ ਕਾਲੋਨੀਆਂ ਉੱਗੀਆਂ ਹਨ ਅਤੇ ਬਹੁਤਿਆਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਇੱਥੋਂ ਤੱਕ ਕਿ ਕਾਲੋਨੀਆਂ ਵਿੱਚ ਪੈਂਦੇ ਪਾਰਕ ਅਤੇ ਰਸਤੇ ਵੇਚ ਕੇ ਜੇਬਾਂ ਭਰ ਲਈਆਂ ਹਨ।

ਸਵਾਲ ਖੜ੍ਹਾ ਹੁੰਦਾ ਹੈ ਕਿ ਇਨ੍ਹਾਂ ਕਾਲੋਨੀਆਂ ਦੀਆਂ ਰਜਿਸਟਰੀਆਂ ਕਿਵੇਂ ਹੋਈਆਂ, ਸੀਵਰੇਜ ਅਤੇ ਬਿਜਲੀ ਦੇ ਬਿੱਲ ਕੁਨੈਕਸ਼ਨ ਕਿਵੇਂ ਮਿਲੇ। ਸ਼ਹਿਰ ਵਾਸੀ ਸਰਕਾਰ, ਅਫ਼ਸਰਸ਼ਾਹੀ ਅਤੇ ਕਾਲੋਨਾਈਜ਼ਰਾਂ ‘ਤੇ ਮਿਲੀਭੁਗਤ ਦੇ ਦੋਸ਼ ਲਾਉਂਦੇ ਹਨ। ਕਾਲੋਨੀਆਂ ਵਿੱਚ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਜਦੋਂਕਿ ਇੱਥੇ ਵੱਸਦੇ ਲੋਕਾਂ ਨੂੰ ਨਿੱਤ ਪ੍ਰਦਰਸ਼ਨ ਕਰਦੇ ਵੇਖਿਆ ਗਿਆ ਹੈ। ਅਣਅਧਿਕਾਰਤ ਸੂਤਰਾਂ ਅਨੁਸਾਰ ਸਰਕਾਰ ਖ਼ਜ਼ਾਨੇ ਨੂੰ 50 ਹਜ਼ਾਰ ਕਰੋੜ ਰੁਪਏ ਦਾ ਰਗੜਾ ਲੱਗਾ ਹੈ। ਰਿਪੋਰਟ ਮੰਗਣ ਵਾਲੇ ਅਧਿਕਾਰੀ ਨੇ ਮੁੱਖ ਸਕੱਤਰ ਵੱਲੋਂ ਜ਼ੀਰਕਪੁਰ ਦੇ ਪਿੰਡ ਨਾਭਾ ਸਾਹਿਬ ਅਤੇ ਢਕੌਲੀ ਖੇਤਰ ਦੀਆਂ ਕਈ ਕਾਲੋਨੀਆਂ ਦੀ ਜਾਂਚ ਕਰਨ ਦੀ ਪੁਸ਼ਟੀ ਕੀਤੀ ਹੈ। ਇੱਥੇ ਇਹ ਦੱਸਣਾ ਵੀ ਦਿਲਚਸਪ ਹੋਵੇਗਾ ਕਿ ਜ਼ੀਰਕਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐੱਨ.ਕੇ.ਸ਼ਰਮਾ ਵੱਲੋਂ ਅੱਧੀ ਦਰਜਨ ਦੇ ਕਰੀਬ ਕਾਲੋਨੀਆਂ ਕੱਟੀਆਂ ਗਈਆਂ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਰੇ ਕੁੱਝ ਵੀ ਗਾਜ਼ ਸ਼ਰਮਾ ‘ਤੇ ਗਿਰ ਜਾਵੇ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਉਪ-ਮੁੱਖ ਮੰਤਰੀ ਲਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਸ਼ਰਮਾ ਨੂੰ ਇਸ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।