ਬਿਉਰੋ ਰਿਪੋਰਟ – ਨੰਗਲ (Nangal) ਵਿੱਚ ਮਾਪਿਆਂ ਦੀ ਵੱਡੀ ਲਾਪਰਵਾਹੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਡੇਢ ਸਾਲ ਦੇ ਬੱਚੇ ਦੀ ਬਾਲ਼ਟੀ (Toddler fell into bucket) ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਨੰਗਲ ਦੇ ਵਾਰਡ ਨੰਬਰ 2 ਦੀ ਹੈ। ਬੱਚਾ ਖੇਡਦਾ-ਖੇਡਦਾ ਵਾਸ਼ਰੂਮ ਵਿੱਚ ਚੱਲਾ ਗਿਆ। ਉਸ ਸਮੇਂ ਘਰ ਦੇ ਲੋਕ ਆਪਣੇ ਕੰਮਾਂ-ਕਾਰਾਂ ਵਿੱਚ ਰੁਝੇ ਹੋਏ ਸਨ। ਜਦੋਂ ਥੋੜੀ ਦੇਰ ਬਾਅਦ ਵੇਖਿਆ ਕਿ ਬੱਚੇ ਦੀ ਅਵਾਜ਼ ਨਹੀਂ ਆ ਰਹੀ ਹੈ ਤਾਂ ਤਲਾਸ਼ ਸ਼ੁਰੂ ਕੀਤੀ ਗਈ। ਇਸ ਦੌਰਾਨ ਜਦੋਂ ਪਰਿਵਾਰ ਵਾਸ਼ਰੂਮ ਪਹੁੰਚਿਆਂ ਤਾਂ ਬੱਚੇ ਦਾ ਸਿਰ ਬਾਲ਼ਟੀ ਵਿੱਚ ਸੀ ਅਤੇ ਲੱਤਾਂ ਉੱਤੇ ਸਨ।
ਇਹ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਬੱਚੇ ਨੂੰ ਫੌਰਨ ਹਸਪਤਾਲ (Hospital) ਲਿਜਾਇਆ ਗਿਆ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਬੱਚਾ ਗੁਜ਼ਰ ਚੁੱਕਿਆ ਸੀ। ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਧਿਆਨ ਦਿਓ ਨੰਗਲ ਦੇ ਵਿੱਚ ਛੋਟੇ ਬੱਚੇ ਦੇ ਬਾਲਟੀ ਵਿੱਚ ਡੁੱਬਣ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਇੱਕ ਔਰਤ ਆਪਣੇ ਵਿਦੇਸ਼ ਰਹਿੰਦੇ ਪਤੀ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਬੱਚੇ ਦਾ ਦਾਦਾ ਆਪਣੇ ਕਮਰੇ ਵਿੱਚ ਸੀ। ਵਿਹੜੇ ਵਿੱਚ ਪਾਣੀ ਦੀ ਬਾਲਟੀ ਪਈ ਸੀ। ਇਸੇ ਦੌਰਾਨ ਮਾਂ ਗੱਲ ਕਰਦੇ ਕਰਦਿਆਂ ਦੂਜੇ ਕਮਰੇ ਵਿੱਚ ਚੱਲੀ ਗਈ ਅਤੇ ਬੱਚਾ ਬਾਲ਼ਟੀ ਕੋਲ ਪਹੁੰਚ ਗਿਆ।
ਬੱਚੇ ਦੇ ਹਿਲਾਉਣ ਨਾਲ ਬਾਲ਼ਟੀ ਦਾ ਸੰਤੁਲਨ ਵਿਗੜਿਆ ਅਤੇ ਬੱਚੇ ਦਾ ਮੂੰਹ ਬਾਲ਼ਟੀ ਵਿੱਚ ਚਲਾ ਗਿਆ। ਕਾਫੀ ਦੇਰ ਤੱਕ ਬੱਚੇ ਦੀ ਅਵਾਜ਼ ਸੁਣਾਈ ਨਹੀਂ ਦਿੱਤੀ ਤਾਂ ਮਾਂ ਨੇ ਸਮਝਿਆ ਕਿ ਪੁੱਤਰ ਦਾਦੇ ਦੇ ਕਮਰੇ ਵਿੱਚ ਖੇਡ ਰਿਹਾ ਹੋਵੇਗਾ। ਪਰ ਜਦੋਂ ਵਿਹੜੇ ਵਿੱਚ ਬੱਚੇ ਨੂੰ ਬਾਲਟੀ ਵਿੱਚ ਡੁੱਬਿਆਂ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਸ ਘਟਨਾ ਵਿੱਚ ਵੀ ਬੱਚਾ ਬਚ ਨਹੀਂ ਸਕਿਆ ਸੀ। ਇਸੇ ਤਰ੍ਹਾਂ 2 ਮਹੀਨੇ ਪਹਿਲਾਂ ਮੁਹਾਲੀ ਤੋਂ ਵੀ ਛੋਟੇ ਬੱਚੇ ਦੀ ਬਾਲ਼ਟੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ।
ਤੁਸੀਂ ਅਕਸਰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਛੋਟੇ ਬੱਚੇ ਦਾ ਰੱਬ ਹੀ ਰਾਖਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਮਾਪਿਆਂ ਅਤੇ ਘਰ ਵਿੱਚ ਮੌਜੂਦ ਹਰ ਸ਼ਖਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਹੋਵੇਗੀ। ਇਹ ਲਾਪਰਵਾਹੀ ਦੀ ਹੱਦ ਹੈ, ਜਿਸ ਤੋਂ ਬੱਚੇ ਦੇ ਮਾਪੇ ਤੋਂ ਲੈ ਕੇ ਘਰ ਵਿੱਚ ਮੌਜੂਦ ਹਰ ਸਖ਼ਸ਼ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦਾ। ਡੇਢ ਸਾਲ ਦੇ ਬੱਚੇ ਨੂੰ ਕੀ ਪਤਾ ਕਿਹੜੀ ਚੀਜ਼ ਉਸ ਦੇ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ, ਉਸ ਦੀ 24 ਘੰਟੇ ਰਾਖੀ ਦੀ ਜ਼ਰੂਰਤ ਹੁੰਦੀ ਹੈ।
‘ਦ ਖਾਲਸ ਟੀਵੀ ਦੀ ਵੀ ਮਾਪਿਆਂ ਅਤੇ ਜਿੰਨਾਂ ਦੇ ਘਰ ਛੋਟੇ ਬੱਚੇ ਹਨ, ਉਨ੍ਹਾਂ ਨੂੰ ਅਪੀਲ ਹੈ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਤਾਂ ਕਿ ਭਵਿੱਖ ਵਿੱਚ ਕਿਸੇ ਹੋਰ ਦੇ ਘਰ ’ਚ ਅਜਿਹਾ ਮਾਤਮ ਨਾਲ ਛਾਏ।
ਹੋਰ ਤਾਜ਼ਾ ਖ਼ਬਰਾਂ –