Khaas Lekh Khabran da Prime Time Khalas Tv Special Punjab

ਜੋ ਮਨ ਚਿਤ ਨਾ ਚੇਤੇ …

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਕੇਂਦਰਿਤ ਸਿਆਸੀ ਪਾਰਟੀ ਹੈ। ਮੁਲਕ ਦੀ ਸਭ ਦੋਂ ਪੁਰਾਣੀ ਖੇਤਰੀ ਪਾਰਟੀ ਵਜੋਂ ਵੀ ਅਕਾਲੀ ਦਲ ਦੀ ਇੱਕ ਆਪਣੀ ਪਛਾਣ ਹੈ। ਇਹ ਕਿਸੇ ਵੇਲੇ ਮੁਲਕ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਸਿੱਖ ਦਲ ਰਿਹਾ ਹੈ। ਜਿਸ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਆਵਾਜ਼ ਦੇਣਾ ਸੀ। ਅਕਾਲੀ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰਕੇ ਸਿਰਜਨਾ ਕੀਤੀ ਗਈ ਸੀ ਪਰ ਹੌਲੀ ਹੌਲੀ ਇਸ ਦੇ ਵਕਾਰ ਨੂੰ ਇਸ ਕਦਰ ਢਾਹ ਲੱਗਣੀ ਸ਼ੁਰੂ ਹੋ ਗਈ ਕਿ ਹੁਣ ਇਹ ਇੱਕ ਤਰ੍ਹਾਂ ਨਾਲ ਹਾਸ਼ੀਏ ਤੋਂ ਬਾਹਰ ਹੋ ਕੇ ਰਹਿ ਗਿਆ ਹੈ।


ਇਹ ਪਹਿਲੀ ਵਾਰ ਨਹੀਂ ਜਦੋਂ ਅਕਾਲੀ ਦਲ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ ਪਰ ਦਲ ਦੇ ਅੰਦਰ ਏਡੀ ਵੱਡੀ ਬਗਾਵਤ ਪਹਿਲੀ ਵਾਰ ਹੋਈ ਹੈ। ਇਸ ਤੋਂ ਪਹਿਲਾਂ ਕਈ ਵਾਰ ਨਵੇਂ ਧੜੇ ਬਣੇ ਹਨ। ਜਦੋਂ ਵੀ ਕਦੇ ਬਗਾਵਤ ਦਾ ਸੰਕਟ ਆਇਆ ਬਾਗੀ ਲੀਡਰ ਆਪਣੇ ਹਮਾਇਤੀ ਨੂੰ ਲੈ ਕੇ ਲਾਂਭੇ ਹੋ ਜਾਂਦੇ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਭ ਤੋਂ ਲੰਮੇ ਸਮੇਂ ਲਈ ਪ੍ਰਧਾਨ ਰਹੇ ਮਰਹੂਮ ਗੁਰਚਰਨ ਸਿੰਘ ਟੌਹੜਾ ਨਾਲ ਨਾ ਨਿਭੀ ਤਾਂ ਉਨ੍ਹਾਂ ਨੇ ਸਰਬ ਹਿੰਦ ਅਕਾਲੀ ਦਲ ਖੜ੍ਹਾ ਕਰ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਗੀ ਹੋ ਕੇ ਨਵਾਂ ਧੜਾ ਤਾਂ ਬਣਾਇਆ ਪਰ ਉਹ ਛੇਤੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਮਰਹੂਮ ਕੁਲਦੀਪ ਸਿੰਘ ਵਡਾਲਾ ਨੇ ਬਾਦਲਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਲਿਆ ਸੀ। ਧਰਮ ਯੁੱਧ ਮੋਰਚੇ ਦੀ ਅਗਵਾਈ ਕਰਨ ਵਾਲੇ ਹਰਚੰਦ ਸਿੰਘ ਲੌਗੋਂਵਾਲ ਨੇ ਵੀ ਬਾਦਲਾਂ ਨਾਲ ਤੋੜ ਵਿਛੋੜਾ ਕਰ ਲਿਆ ਸੀ। ਬਾਦਲਾਂ ਦੇ ਆਪਣੇ ਪਰਿਵਾਰ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ 2010 ਵਿੱਚ ਅਕਾਲੀ ਦਲ ਨਾਲੋਂ ਨਹੀਂ ਤੋੜਿਆ ਸਗੋਂ ਵਜ਼ੀਰੀ ਵੀ ਜਾਂਦੀ ਰਹੀ । ਪੀਪਲਜ਼ ਆਫ ਪੰਜਾਬ ਦਾ ਗਠਨ ਕਰਨ ਨਾਲ ਜਦੋਂ ਪੈਰ ਨਾ ਲੱਗੇ ਤਾਂ ਕਾਂਗਰਸ ਦੀ ਬੇੜੀ ਵਿੱਚ ਜਾ ਸਵਾਰ ਹੋਏ। ਸ਼ੋਮਣੀ ਅਕਾਲੀ ਦਲ 1920 , ਯੂਨਾਈਟਡ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਵੀ ਬਾਦਲਾਂ ਦੀ ਸਰਦਾਰੀ ਨਾ ਮੰਨਜ਼ੂਰ ਕਰਨ ਤੋਂ ਬਾਅਦ ਹੀ ਹੋਂਦ ਵਿੱਚ ਆਏ ਹਨ।


ਸੁਖਬੀਰ ਸਿੰਘ ਬਾਦਲ ਜਿਸ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਪਾਰਟੀ ਅੰਦਰ ਵੱਡੀ ਬਗਾਵਤ ਉੱਠੀ ਹੈ ਤੋਂ ਪਹਿਲਾਂ ਦਲ ਦੇ ਪ੍ਰਧਾਨ ਰਹੇ 19 ਲੀਡਰਾਂ ਨੂੰ ਏਡੀ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਨਹੀਂ ਸੀ ਪਿਆ ਇੰਨਾ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਹਨ। ਬਾਦਲ ਪਿਉ ਪੁੱਤ ਨੂੰ ਅੱਜ ਦਾ ਦਿਨ ਦੇਖਣਾ ਪਵੇਗਾ ਇਹ ਕਦੇ ਚਿਤ ਚੇਤਿਆਂ ਵਿੱਚ ਨਹੀਂ ਹੋਣਾ। ਅਕਾਲੀ ਦਲ ਜਦੋਂ 1920 ਨੂੰ ਹੋਂਦ ਵਿੱਚ ਆਇਆ ਤਾਂ ਗੁਰਮੁੱਖ ਸਿੰਘ ਝੱਭਲ ਪ੍ਰਧਾਨ ਬਣੇ । ਉਨ੍ਹਾਂ ਤੋਂ ਬਾਅਦ ਬਾਬਾ ਖੜਕ ਸਿੰਘ , ਮਾਸਟਰ ਤਾਰਾ ਸਿੰਘ ਅਤੇ ਗੋਪਾਲ ਸਿੰਘ ਕੌਮੀ ਜਿਹੀਆਂ ਸ਼ਖਸ਼ੀਅਤਾਂ ਇਸ ਵਕਾਰੀ ਅਹੁਦੇ ‘ਤੇ ਸੁਸ਼ੋਭਿਤ ਰਹੀਆਂ। ਉਨ੍ਹਾਂ ਤੋਂ ਬਾਅਦ ਬਾਬੂ ਲਾਭ ਸਿੰਘ. ਤੇਜਾ ਸਿੰਘ ਅਕਾਲੀ ਪੁਰੀ, ਉਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ ਪ੍ਰੀਤਮ ਸਿੰਘ ਗੋਧਰਾ, ਹੁਕਮ ਸਿੰਘ ਅਤੇ ਸੰਤ ਫ਼ਤਿਹ ਸਿੰਘ ਜਿਹੇ ਲੀਡਰ ਵੀ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ। ਜਥੇਦਾਰ ਅੱਛਰ ਸਿੰਘ . ਭੁਪਿੰਦਰ ਸਿੰਘ , ਮੋਹਨ ਸਿੰਘ ਤੁੜ, ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪ੍ਰਧਾਨ ਵਜੋਂ ਸੇਵਾ ਕੀਤੀ ਹੈ।


ਲੰਘੇ ਕੱਲ੍ਹ ਮੋਰਚਾ ਗੁਰੂ ਕਾ ਬਾਗ ਨੂੰ ਸਮਰਪਿਤ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਦਲੀ ਹੋਈ ਸੁਰ ਵਿੱਚ ਅਕਾਲੀ ਦਲ ਵਿਸ਼ੇਸ਼ ਕਰਕੇ ਬਾਦਲਾਂ ਨੂੰ ਜਿਹੜਾ ਹਲੂਣਾ ਦਿੱਤਾ ਹੈ ਉਸਦੇ ਅਰਥ ਘਟਾ ਕੇ ਨਹੀਂ ਲਏ ਜਾ ਸਕਦੇ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਜੇ ਆਪਣੀ ਹੋਂਦ ਬਚਾ ਕੇ ਰੱਖਣੀ ਹੈ ਤਾਂ ਸੱਤਾ ਦੀ ਲਾਲਸਾ ਛੱਡ ਕੇ ਸਿੱਖ ਧਰਮ ਦਾ ਸਿਧਾਤਾਂ ਦੇ ਪ੍ਰਚਾਰ ਲਈ ਕੰਮ ਕਰਨਾ ਪਵੇਗਾ। ਅਕਾਲੀ ਦਲ ਪੰਜਾਬ ਸਰਕਾਰ ਬਣਾਉਣ ਦੀ ਥਾਂ ਪਿੰਡ ਪਿੰਡ ਜਾ ਕੇ ਪੰਥਕ ਕਦਰਾਂ ਕੀਮਤਾਂ ਦਾ ਹੋਕਾ ਦੇਵੇ।
ਪੰਜਾਬ ਦੀ ਸਿਆਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਕੱਲ੍ਹ ਦਾ ਦਿਨ ਬੜਾ ਮਹੱਤਵਪੂਰਨ ਰਿਹਾ ਹੈ। ਅਕਾਲੀ ਦਲ ਦੇ ਬਾਦਲ ਪਰਿਵਾਰ ਤੋਂ ਬਾਗੀ ਹੋਏ ਧੜੇ ਨੇ ਰਵੀਕਰਨ ਸਿੰਘ ਕਾਹਲੋਂ ਦੇ ਅੰਮ੍ਰਿਤਸਰ ਸਥਿਤ ਘਰ ਵਿੱਚ ਇੱਕ ਮੀਟਿੰਗ ਕਰਕੇ ਪਾਰਟੀ ਕੇਡਰ ਦੀਆਂ ਭਾਵਨਾਵਾਂ ਬਾਦਲਾਂ ਤੱਕ ਪਹੁੰਚਾਉਣ ਦਾ ਪ੍ਰਣ ਲਿਆ ਹੈ । ਦੂਜੇ ਬੰਨੇ ਸੁਖਬੀਰ ਸਿੰਘ ਬਾਦਲ ਨੇ ਇੱਕ ਅਨੁਸਾਸ਼ਨ ਕਮੇਟੀ ਦਾ ਗਠਨ ਕਰਕੇ ਪਾਰਟੀ ‘ਚ ਜ਼ਾਬਤੇ ਵਿੱਚ ਰਹਿਣ ਦਾ ਸੁਨੇਹਾ ਲਾ ਦਿੱਤਾ ਹੈ। ਕੱਲ ਦੀ ਮੀਟਿੰਗ ਵਿੱਚ ਬਾਗੀ ਸੁਰ ਵਾਲੇ ਨੇਤਾ ਮਨਪ੍ਰੀਤ ਸਿੰਘ ਇਯਾਲੀ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਐਸਜੀਪੀਸੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ, ਸੰਤਾ ਸਿੰਘ ਉਮੈਦ ਪੁਰੀ, ਜਗਜੀਤ ਸਿੰਘ ਕੋਹਲੀ, ਲੋਕ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ , ਉਨ੍ਹਾਂ ਦੇ ਪੁਤਰ ਇਕਬਾਲ ਇੰਦਰ ਸਿੰਘ ਅਟਵਾਲ ਅਤੇ ਅਮਰਪਾਲ ਸਿੰਘ ਬੋਨੀ ਨੇ ਹਿੱਸਾ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਸੁਨੇਹਾ ਲਾਇਆ ਜਾਵੇਗਾ। ਮਨਪ੍ਰੀਤ ਸਿੰਘ ਇਯਾਲੀ ਨੇ ਸਭ ਤੋਂ ਪਹਿਲਾਂ ਬਾਦਲਾਂ ਦੇ ਖ਼ਿਲਾਫ਼ ਉਦੋਂ ਝੰਡਾ ਚੁੱਕਿਆ ਸੀ ਜਦੋਂ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਲਈ ਅਕਾਲੀ ਦਲ ਨੇ ਬਿਨਾ ਸ਼ਰਤ ਭਾਜਪਾ ਨੂੰ ਹਿਮਾਇਤ ਦੇਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਬਾਅਦ ਵਿੱਚ ਵੀ ਆਪਣਾ ਸਟੈਂਡ ਦੁਹਰਾਇਆ ਹੈ। ਉਹ 13 ਮੈਂਬਰੀ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਿਕ ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕਰਦੇ ਆ ਰਹੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਇੱਕ ਦੂਜੇ ਨਾਲ ਖਹਿਣ ਦੀਆਂ ਖ਼ਬਰਾਂ ਵੀ ਸਿਆਸਤ ਵਿੱਚ ਗਰਮ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਲੰਘੇ ਕੱਲ੍ਹ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਨੁਸਾਸ਼ਨਿਕ ਕਮੇਟੀ ਦਾ ਮੁੱਖੀ ਥਾਪ ਕੇ ਆਪਣੇ ਸਖਤ ਰਵੀਏ ਦਾ ਸੁਨੇਹਾ ਲਾ ਦਿੱਤਾ ਹੈ।


ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹਾਲੇ ਵੀ ਆਪਣੇ ਜਿਉਂਦੇ ਜੀਅ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣ ਦੀ ਰੀਝ ਪਾਲ ਰਹੇ ਹਨ। ਇਹੋ ਵਜ੍ਹਾ ਹੈ ਕਿ ਉਹ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਲਾਂਭੇ ਕਰਨ ਦੇ ਖ਼ਿਲਾਫ਼ ਡਟੇ ਹੋਏ ਹਨ। ਉਨ੍ਹਾਂ ਦੀ ਪਤਨੀ ਸਰਦਾਰਨੀ ਸੁਰਿੰਦਰ ਕੌਰ ਵੀ ਦਿਲ ਵਿੱਚ ਇਹੋ ਸਿਕ ਪਾਲਦੀ ਸਦਾ ਲਈ ਚੱਲ ਵਸੀ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪੱਤਣ ਸਿਰਫ ਸੁਖਬੀਰ ਬਾਦਲ ਦੀ ਨਾਦਾਨੀ ਕਰਕੇ ਹੀ ਨਹੀਂ ਹੋਇਆ ਸਗੋਂ ਬਾਦਲਾਂ ਦੇ ਰਾਜ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਬੇਅਦਬੀ , ਬਹਿਬਲ ਕਲਾਂ ਗੋਲੀਕਾਂਡ , ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ, ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਦੀ ਮੁਆਫੀ ਅਤੇ ਰੇਤ , ਟਰਾਂਸਪੋਰਟ , ਸ਼ਰਾਬ ਸਮੇਤ ਕੇਬਲ ਮਾਫੀਆ ਦੀ ਸਰਪ੍ਰਸਤੀ ਦੇ ਲੱਗਦੇ ਦੋਸ਼ ਲੈ ਬੈਠੇ ਹਨ। ਵਿਧਾਨ ਸਭਾ ਚੋਣਾਂ 2022 ‘ਚ ਸਿਰਫ ਤਿੰਨ ਸੀਟਾਂ ਮਿਲਣ ਤੋਂ ਬਾਅਦ ਵੀ ਬਾਦਲਾਂ ਨੇ ਕੋਈ ਸਬਕ ਨਹੀਂ ਸਿੱਖਿਆ ਲੱਗਦਾ ਹੈ।


ਸੁਖਬੀਰ ਸਿੰਘ ਬਾਦਲ ਹਾਲੇ ਵੀ ਪਾਰਟੀ ਨਾਲੋਂ ਆਪਣੀ ਪ੍ਰਧਾਨਗੀ ਦੀ ਭੁੱਖ ਨੂੰ ਪਹਿਲ ਦੇ ਰਹੇ ਹਨ । ਦੂਜੇ ਬੰਨੇ ਬਾਗੀ ਧੜਾ ਅਤੇ ਪਾਰਟੀ ਕੇਡਰ ਉਪਰਲੀ ਲੀਡਰਸ਼ਿਪ ਵਿੱਚ ਬਦਲਾਅ ਲਈ ਅੜ ਗਿਆ ਹੈ। ਇਸ ਹਾਲਤ ਵਿੱਚ ਅਕਾਲੀ ਦਲ ਨੂੰ ਜਿਉਂਦਾ ਰੱਖਣ ਲਈ ਬਾਦਲਾਂ ਨੂੰ ਅਹੁਦਿਆਂ ਦੀ ਲਾਲਸਾ ਤਿਆਗਣੀ ਪਵੇਗੀ। ਸੀਨੀਅਰ ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਬਦਲਾਅ ਕੁਦਰਤ ਦਾ ਨੇਮ ਹੈ। ਉਨ੍ਹਾਂ ਨੇ ਕਿਹਾ ਕਿ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ। ਇਸ ਵਿੱਚ ਕਿਸੇ ਦਾ ਵੀ ਅਹੁਦਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਅਤੇ ਪਾਰਟੀ ਕੇਡਰ ਦੀਆਂ ਉਪਰਲੀ ਲੀਡਰਸ਼ਿਪ ਵਿੱਚ ਬਦਲਾਅ ਦੀਆਂ ਭਾਵਨਾਵਾਂ ਪਾਰਟੀ ਪ੍ਰਧਾਨ ਨਾਲ ਮੀਟਿੰਗ ਕਰਕੇ ਸਾਂਝੀਆਂ ਕੀਤੀਆਂ ਜਾਣਗੀਆਂ। ਬਾਦਲ ਪਰਿਵਾਰ ਦਲ ਵਿੱਚ ਪਏ ਸੰਕਟ ਨੂੰ ਕਿਵੇਂ ਨਜਿੱਠਦਾ ਹੈ ਇਹ ਪਿਉ ਪੁੱਤ ਦੀ ਸੂਝਬੂਝ ਅਤੇ ਪਾਰਟੀ ਪ੍ਰਤੀ ਵਫਾਦਾਰੀ ‘ਤੇ ਨਿਰਭਰ ਕਰਦਾ ਹੈ। ਉਂਝ ਬਾਦਲਾਂ ਦੇ ਨਾਅਰੇ “ ਪੰਥ ਵਸੇ ਮੈਂ ਉਜੜਾਂ , ਮਨ ਚਾਊ ਘਨੇਰਾ” ‘ਤੇ ਖਰੇ ਉਤਰਨ ਦਾ ਸਮਾਂ ਆ ਗਿਆ ਹੈ।