ਅੰਬਾਲਾ : ਅੱਜ 22 ਮਾਰਚ ਨੂੰ ਕਿਸਾਨ ਅੰਦੋਲਨ-2 ਦਾ 39ਵਾਂ ਦਿਨ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਅੱਜ ਹਿਸਾਰ ‘ਚ ਸ਼ਹੀਦ ਸਮਾਗਮ (ਸ਼ਰਧਾਜਲੀ ਸਮਾਰੋਹ) ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਕਿਸਾਨ ਆਗੂ ਸ਼ਮੂਲੀਅਤ ਕਰਨਗੇ। 31 ਮਾਰਚ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਦਾ ਇਕੱਠ ਹੋਣਾ ਹੈ।
ਭਲਕੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੁਨੀਆ ਤੇ ਹੋਰ ਸ਼ਿਰਕਤ ਕਰਨਗੇ।
ਸ਼ੰਭੂ ਬਾਰਡਰ ਤੋਂ 6 ਦਿਨ ਪਹਿਲਾਂ ਸ਼ੁਰੂ ਹੋਈ ਅਸਤੀ ਕਲਸ਼ ਯਾਤਰਾ ਪੰਚਕੂਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਕੁਰੂਕਸ਼ੇਤਰ ਤੋਂ ਹੁੰਦੀ ਹੋਈ ਕਰਨਾਲ ਦੇ ਨੀਲੋਖੇੜੀ ਪਹੁੰਚੀ। ਕਿਸਾਨ ਸਰਕਾਰ ‘ਤੇ ਦਬਾਅ ਬਣਾਉਣ ਅਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਸ਼ੁਭਕਰਨ ਦੀ ਅਸ਼ਟ ਕਲਸ਼ ਯਾਤਰਾ ਕੱਢ ਰਹੇ ਹਨ। ਅੱਜ ਯਾਤਰਾ ਦਾ ਸੱਤਵਾਂ ਦਿਨ ਹੈ। ਕਰਨਾਲ ਤੋਂ ਬਾਅਦ ਕਲਸ਼ ਯਾਤਰਾ ਕੈਥਲ ਅਤੇ ਫਿਰ ਅੰਬਾਲਾ ਜ਼ਿਲ੍ਹੇ ‘ਚ 3 ਦਿਨ ਚੱਲੇਗੀ।
ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। 17 ਅਤੇ 18 ਮਾਰਚ ਨੂੰ ਵੀ ਕਿਸਾਨ ਅੰਦੋਲਨ ਨਾਲ ਜੁੜੇ ਤਿੰਨ ਕਿਸਾਨਾਂ ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਗਈ ਸੀ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ ‘ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ 4 ਦੌਰ ਦੀ ਗੱਲਬਾਤ ਅਸਫਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਧਰਨੇ ‘ਤੇ ਡਟੇ ਰਹਿਣਗੇ।