India Punjab

ਅੱਜ ਦੁਨੀਆ ਭਰ ‘ਚ ਮਨਾਇਆ ਗਿਆ ਪਗੜੀ ਸੰਭਾਲ ਦਿਵਸ

‘ਦ ਖ਼ਾਲਸ ਬਿਊਰੋ :- ਕਿਸਾਨ ਲੀਡਰਾਂ ਦੀ ਅਪੀਲ ‘ਤੇ ਅੱਜ ਪੰਜਾਬ, ਹਰਿਆਣਾ ਅਤੇ ਯੂਪੀ ਸਮੇਤ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਨੇ ਪਗੜੀ ਸੰਭਾਲ ਦਿਵਸ ਮਨਾਇਆ। ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਰਵਾਇਤੀ ਪੱਗਾਂ ਵੀ ਬੰਨ੍ਹੀਆਂ ਅਤੇ ਕਿਸਾਨੀ ਲਹਿਰ ਦੇ ਗੀਤ ਗਾਏ। ਦਿੱਲੀ ‘ਚ ਕਿਸਾਨਾਂ ਵੱਲੋਂ ਸਿੰਘੂ ਬਾਰਡਰ ਦੀ ਸਟੇਜ ‘ਤੇ ਵੀ ਪਗੜੀ ਸੰਭਾਲ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਅਭੈ ਸੰਧੂ, ਤੇਜੀ ਸੰਧੂ, ਅਨੁਸਪਰੀਆ ਸੰਧੂ ਅਤੇ ਗੁਰਜੀਤ ਕੌਰ ਸ਼ਾਮਿਲ ਹੋਏ।

ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਨੇ 24 ਫਰਵਰੀ ਨੂੰ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਵਿਰੁੱਧ ‘ਜ਼ਬਰ ਵਿਰੋਧੀ ਦਿਵਸ’ ਮਨਾਉਣ ਦਾ ਐਲਾਨ ਕੀਤਾ ਹੈ। ਦੇਸ਼ ਭਰ ਵਿੱਚ ਵੱਡੇ ਇਕੱਠ ਕਰਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣਗੇ।

ਸਿੰਘੂ ਬਾਰਡਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਲੀਡਰ ਦਰਸ਼ਨਪਾਲ ਨੇ ਕਿਹਾ ਕਿ ‘ਮੋਦੀ ਸਰਕਾਰ ਇੱਕ ਗੱਲ ਸਮਝ ਲਵੇ ਕਿ ਉਹ ਡਰਾ ਧਮਕਾ ਕੇ ਕਿਸਾਨੀ ਅੰਦੋਲਨ ਨੂੰ ਖ਼ਤਮ ਨਹੀਂ ਕਰ ਸਕਦੀ।

26 ਜਨਵਰੀ ਤੋਂ ਬਾਅਦ ਜਿੰਨੇ ਵੀ ਕਿਸਾਨਾਂ ਜਾਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਜਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਪੈਨਲ ਲਗਾਤਾਰ ਕੰਮ ਕਰ ਰਹੇ ਹਨ ਅਤੇ ਕਾਫੀ ਨੌਜਵਾਨ ਜੇਲ੍ਹਾਂ ਤੋਂ ਬਾਹਰ ਵੀ ਆ ਗਏ ਹਨ’।  ਪਗੜੀ ਸੰਭਾਲ ਦਿਵਸ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਸਮਰਪਿਤ ਹੈ।