ਬਿਊਰੋ ਰਿਪੋਰਟ (4 ਫਰਵਰੀ, 2026): ਦਿੱਲੀ ਨਾਲ ਲੱਗਦੇ ਗਾਜ਼ਿਆਬਾਦ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਨਾਬਾਲਿਗ ਸਕੀਆਂ ਭੈਣਾਂ ਨੇ ਇਕ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਹ ਘਟਨਾ ਭਾਰਤ ਸਿਟੀ ਸੋਸਾਇਟੀ ਦੇ ਬੀ-1 ਟਾਵਰ ਦੀ ਦੱਸੀ ਜਾ ਰਹੀ ਹੈ, ਜੋ ਮੰਗਲਵਾਰ ਦੇਰ ਰਾਤ ਲਗਭਗ 2 ਵਜੇ ਵਾਪਰੀ।
ਪੁਲਿਸ ਮੁਤਾਬਕ ਮਰਨ ਵਾਲੀਆਂ ਭੈਣਾਂ ਦੇ ਨਾਮ ਨਿਸ਼ਿਕਾ (16 ਸਾਲ), ਪ੍ਰਾਚੀ (14 ਸਾਲ) ਅਤੇ ਪਾਖੀ (12 ਸਾਲ) ਹਨ। ਤਿੰਨੋਂ ਭੈਣਾਂ ਫਲੈਟ ਨੰਬਰ 907 ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਭੈਣਾਂ ਹਰ ਕੰਮ ਇਕੱਠੇ ਹੀ ਕਰਦੀਆਂ ਸਨ, ਨਹਾਉਣਾ, ਖਾਣਾ, ਸਕੂਲ ਜਾਣਾ, ਸੌਣਾ ਅਤੇ ਰੋਜ਼ਾਨਾ ਦੀਆਂ ਹੋਰ ਸਰਗਰਮੀਆਂ ਵੀ ਇਕੱਠੇ।
ਰਾਤ ਦੇ ਸਮੇਂ ਜਦੋਂ ਲੋਕਾਂ ਨੇ ਇਮਾਰਤ ਕੋਲ ਡਿੱਗਣ ਦੀ ਆਵਾਜ਼ ਸੁਣੀ ਤਾਂ ਤੁਰੰਤ ਮੌਕੇ ’ਤੇ ਪਹੁੰਚੇ। ਤਿੰਨੋਂ ਭੈਣਾਂ ਗੰਭੀਰ ਹਾਲਤ ਵਿੱਚ ਮਿਲੀਆਂ, ਜਿਨ੍ਹਾਂ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੋਂ ਭੈਣਾਂ ਇਕ ਆਨਲਾਈਨ ਟਾਸਕ-ਅਧਾਰਿਤ ਕੋਰੀਅਨ ਮੋਬਾਈਲ ਗੇਮ ਦੀ ਆਦਤ ਵਿੱਚ ਆ ਚੁੱਕੀਆਂ ਸਨ। ਪੁਲਿਸ ਦੱਸਦੀ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਉਨ੍ਹਾਂ ਨੂੰ ਮੋਬਾਈਲ ਦੀ ਲਤ ਪੈ ਗਈ ਸੀ ਅਤੇ ਸਕੂਲ ਜਾਣਾ ਵੀ ਨਿਯਮਿਤ ਨਹੀਂ ਰਿਹਾ। ਘਰਵਾਲਿਆਂ ਵੱਲੋਂ ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਉਹ ਗੇਮ ਖੇਡਦੀਆਂ ਰਹੀਆਂ।
ਸਥਾਨਕ ਲੋਕਾਂ ਅਤੇ ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਆਨਲਾਈਨ ਗੇਮ ਵਿੱਚ ਖਿਡਾਰੀਆਂ ਨੂੰ ਵੱਖ-ਵੱਖ ਟਾਸਕ ਦਿੱਤੇ ਜਾਂਦੇ ਹਨ ਅਤੇ ਆਖ਼ਰੀ ਪੜਾਅ ਵਿੱਚ ਖ਼ਤਰਨਾਕ ਕਦਮ ਚੁੱਕਣ ਲਈ ਉਕਸਾਇਆ ਜਾਂਦਾ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਤਿੰਨੋਂ ਭੈਣਾਂ ਨੇ ਗੇਮ ਦੇ ਕਿਸੇ ਟਾਸਕ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ।
ਘਟਨਾ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿਤਾ ਚੇਤਨ ਅਤੇ ਮਾਂ ਗਹਿਰੇ ਸਦਮੇ ਵਿੱਚ ਹਨ ਅਤੇ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ। ਤਿੰਨ ਧੀਆਂ ਦੀ ਇਕੱਠੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਸੀਪੀ ਦੀ ਅਗਵਾਈ ਹੇਠ ਪੁਲਿਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਕਮਰੇ ਵਿੱਚ ਗੇਮ ਨਾਲ ਜੁੜੀਆਂ ਤਸਵੀਰਾਂ ਅਤੇ ਸਮੱਗਰੀ ਵੀ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਖੁਦਕੁਸ਼ੀ ਦੀ ਅਸਲ ਵਜ੍ਹਾ ਸਪਸ਼ਟ ਹੋ ਸਕੇਗੀ।

