ਅੱਜ ਸਵੇਰੇ ਮੁਹਾਲੀ ਜ਼ਿਲ੍ਹੇ ਵਿੱਚ ਕਈ ਨਿੱਜੀ ਸਕੂਲਾਂ ਨੂੰ ਬੰਬ ਧਮਕੀਆਂ ਵਾਲੀਆਂ ਈਮੇਲਾਂ ਮਿਲੀਆਂ, ਜਿਸ ਕਾਰਨ ਵੱਡੇ ਪੱਧਰ ‘ਤੇ ਹੜਕੰਪ ਮਚ ਗਿਆ ਅਤੇ ਸੁਰੱਖਿਆ ਵਧਾ ਦਿੱਤੀ ਗਈ। ਈਮੇਲਾਂ ਸਵੇਰੇ ਕਰੀਬ 7:30 ਵਜੇ ਭੇਜੀਆਂ ਗਈਆਂ ਸਨ। ਸਕੂਲ ਸਵੇਰੇ 8:50 ਵਜੇ ਖੁੱਲ੍ਹਣ ਤੋਂ ਪਹਿਲਾਂ ਹੀ ਧਮਕੀਆਂ ਮਿਲਣ ਕਾਰਨ ਪ੍ਰਬੰਧਨ ਨੇ ਤੁਰੰਤ ਸਕੂਲ ਬੰਦ ਕਰ ਦਿੱਤੇ ਅਤੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਮਾਪਿਆਂ ਨੂੰ ਮੈਸੇਜ ਭੇਜੇ ਗਏ, ਸਕੂਲ ਬੱਸਾਂ ਨੂੰ ਗੇਟਾਂ ‘ਤੇ ਮੋੜ ਦਿੱਤਾ ਗਿਆ ਅਤੇ ਬੱਚਿਆਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
ਇਸੇ ਦੌਰਾਨ ਮੋਹਾਲੀ ਪੁਲਿਸ ਹਾਈ ਅਲਰਟ ‘ਤੇ ਆ ਗਈ। ਬੰਬ ਡਿਸਪੋਜ਼ਲ ਸਕੁਐਡ (ਬੰਬ ਸਕੁਐਡ), ਐਂਟੀ-ਸੈਬੋਟੇਜ ਟੀਮਾਂ ਅਤੇ ਵੱਡੀ ਪੁਲਿਸ ਫੋਰਸ ਨੂੰ ਮੌਕੇ ‘ਤੇ ਭੇਜਿਆ ਗਿਆ। ਸਕੂਲਾਂ ਨੂੰ ਸੀਲ ਕਰਕੇ ਖਾਲੀ ਕਰਵਾਇਆ ਗਿਆ ਅਤੇ ਪੂਰੇ ਕੈਂਪਸ ਦੀ ਤਲਾਸ਼ੀ ਲਈ ਗਈ। ਡੀਐਸਪੀ ਸਿਟੀ ਹਰਸਿਮਰਨ ਬੱਲ ਅਤੇ ਵਨ ਪ੍ਰਿਥਵੀ ਚਾਹਲ ਵਰਗੇ ਅਧਿਕਾਰੀਆਂ ਨੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ।
ਐਸਐਸਪੀ ਮੋਹਾਲੀ ਹਰਮਨਦੀਪ ਹੰਸ ਨੇ ਦੱਸਿਆ ਕਿ 16 ਸਕੂਲਾਂ ਨੂੰ ਇਹ ਧਮਕੀਆਂ ਮਿਲੀਆਂ ਹਨ, ਜੋ ਮੋਹਾਲੀ ਸ਼ਹਿਰ, ਖਰੜ ਅਤੇ ਜ਼ੀਰਕਪੁਰ ਵਿੱਚ ਸਥਿਤ ਹਨ। ਇਨ੍ਹਾਂ ਵਿੱਚ ਯਾਦਵਿੰਦਰਾ ਪਬਲਿਕ ਸਕੂਲ, ਮਨਾਵ ਮੰਗਲ ਸਕੂਲ, ਲਰਨਿੰਗ ਪਾਥ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਪੈਰਾਗਨ ਸਕੂਲ ਆਦਿ ਸ਼ਾਮਲ ਹਨ।
ਸੁਰੱਖਿਆ ਲਈ 300 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੋਹਾਲੀ ਤੋਂ ਇਲਾਵਾ ਫਤਿਹਗੜ੍ਹ ਸਾਹਿਬ, ਰੋਪੜ ਅਤੇ ਚੰਡੀਗੜ੍ਹ ਤੋਂ ਬੰਬ ਸਕੁਐਡ ਟੀਮਾਂ ਵੀ ਸ਼ਾਮਲ ਹਨ। ਸਾਰੇ ਸਕੂਲਾਂ ਦੀ ਨਿਰੰਤਰ ਜਾਂਚ ਜਾਰੀ ਹੈ ਅਤੇ ਸਕੂਲ ਪ੍ਰਬੰਧਨ ਨੂੰ ਭਵਿੱਖ ਵਿੱਚ ਧਮਕੀ ਮਿਲਣ ‘ਤੇ ਤੁਰੰਤ ਖਾਲੀ ਕਰਨ ਦੀ ਯੋਜਨਾ ਬਣਾਉਣ ਦੀ ਹਦਾਇਤ ਦਿੱਤੀ ਗਈ ਹੈ।

