ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਵਿਸ਼ੇਸ਼ ਸੁਧਾਈ (ਐੱਸਆਈਆਰ) ਮਗਰੋਂ ਅੰਤਿਮ ਵੋਟਰ ਸੂਚੀ ਐਲਾਨ ਦਿੱਤੀ ਹੈ। 25 ਜੂਨ 2026 ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਸਾਰੇ 117 ਹਲਕਿਆਂ ਦੀਆਂ ਸੂਚੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਗਈਆਂ ਹਨ।
ਹੁਣ ਪੰਜਾਬ ਵਿੱਚ ਕੁੱਲ 2,01,00,727 ਵੋਟਰ ਹਨ, ਜਿਨ੍ਹਾਂ ਵਿੱਚ 1,03,76,026 ਪੁਰਸ਼, 97,24,195 ਮਹਿਲਾਵਾਂ ਅਤੇ 506 ਥਰਡ ਜੈਂਡਰ ਸ਼ਾਮਲ ਹਨ।ਵਿਸ਼ੇਸ਼ ਸੁਧਾਈ ਤੋਂ ਪਹਿਲਾਂ 2,14,61,043 ਵੋਟਰ ਸਨ। ਅਗਸਤ ਵਿੱਚ 20,66,608 ਤੋਂ ਵੱਧ ਵੋਟਾਂ ਕੱਟਣ ਬਾਅਦ ਗਿਣਤੀ 1,93,94,435 ਰਹਿ ਗਈ ਸੀ। ਫਿਰ 7,97,263 ਨਵੇਂ ਵੋਟਰ ਸ਼ਾਮਲ ਕੀਤੇ ਗਏ, ਜਿਸ ਨਾਲ ਕੁੱਲ ਗਿਣਤੀ 2,01,00,727 ਹੋ ਗਈ। ਸਭ ਤੋਂ ਵੱਧ ਵਾਧਾ ਅੰਮ੍ਰਿਤਸਰ ਵਿੱਚ 96,971, ਲੁਧਿਆਣਾ ਵਿੱਚ 76,159, ਜਲੰਧਰ ਵਿੱਚ 60,501, ਪਟਿਆਲਾ ਵਿੱਚ 53,470 ਅਤੇ ਗੁਰਦਾਸਪੁਰ ਵਿੱਚ 51,537 ਵੋਟਰਾਂ ਦਾ ਹੋਇਆ।
ਮੁੱਖ ਚੋਣ ਅਫਸਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ 6.3 ਫ਼ੀਸਦੀ ਕਮੀ ਆਈ ਹੈ, ਜਿਸਦਾ ਮੁੱਖ ਕਾਰਨ ਮੌਤ, ਪਰਵਾਸ, ਡਬਲ ਵੋਟ ਜਾਂ ਗ਼ੈਰ-ਹਾਜ਼ਰੀ ਹੈ। ਸ਼ੁਰੂ ਵਿੱਚ 12.80 ਲੱਖ ਵੋਟਰ ਅਨਮੈਪਡ ਸਨ, ਜੋ 2003 ਦੀਆਂ ਸੂਚੀਆਂ ਨਾਲ ਮੇਲ ਨਹੀਂ ਖਾਂਦੇ ਸਨ। 34 ਲੱਖ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਅਤੇ ਉਨ੍ਹਾਂ ਦਾ ਪੱਖ ਸੁਣ ਕੇ ਗਲਤੀਆਂ ਦਰੁਸਤ ਕੀਤੀਆਂ ਗਈਆਂ। ਅੰਤਿਮ ਸੂਚੀਆਂ ਚੋਣ ਕਮਿਸ਼ਨ ਦੀ ਵੈੱਬਸਾਈਟ https://voters.eci.gov.in/ ’ਤੇ ਉਪਲਬਧ ਹਨ ਅਤੇ ਸਿਆਸੀ ਪਾਰਟੀਆਂ ਨੂੰ ਵੀ ਦੇ ਦਿੱਤੀਆਂ ਗਈਆਂ ਹਨ। ਜੋ ਵੋਟਰ ਰਹਿ ਗਏ ਹਨ, ਉਹ ਹਾਲੇ ਵੀ ਅਪਲਾਈ ਕਰ ਸਕਦੇ ਹਨ।

