Punjab

ਚੇਤਾਵਨੀ ਦੇ ਬਾਵਜੂਦ ਨਹੀਂ ਸੁਧਰਿਆ ਇਹ ਗਾਇਕ, ਹੁਣ ਹੋਈ ਇਹ ਵੱਡੀ ਕਾਰਵਾਈ

This singer did not improve despite the warning

ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖ਼ਿਲਾਸ ਸਰਕਾਰ ਸਖ਼ਤ ਐਕਸ਼ਨ ਲੈ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮਗਰੋਂ ਪੁਲਿਸ ਹਰਕਤ ਵਿੱਚ ਆ ਗਈ ਹੈ। ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਹੈ।

ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੀਤ ਦੇ ਪ੍ਰੋਡਿਊਸਰ ਸੱਤਾ ਡੀਕੇ ਤੇ ਗਾਇਕ ਤਾਰੀ ਕਾਸ਼ਾਪੁਰੀਆ ਵੱਲੋਂ 32 ਬੋਰ ਨਾਂ ਹੇਠ ਇਕ ਗੀਤ ‘ਡੱਬ ਵਿੱਚ ਰੱਖੀ ਦਾ ਹੈ 32 ਬੋਰ’ ਲਵ ਮਿਊਜ਼ਕ ਕੰਪਨੀ ਦੇ ਬੈਨਰ ਹੇਠ ਯੂ-ਟਿਊਬ ‘ਤੇ ਜਾਰੀ ਕੀਤਾ ਗਿਆ ਹੈ। ਗੀਤ ਦਾ ਪ੍ਰੋਡਿਊਸਰ ਸੱਤਾ ਡੀਕੇ ਰਾਏਕੋਟ ਨੇੜਲੇ ਪਿੰਡ ਭੈਣੀ ਦਰੇੜਾਂ ਦਾ ਵਸਨੀਕ ਹੈ। ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਰਾਏਕੋਟ ਵਿਖੇ ਗਾਇਕ ਤਾਰੀ ਕਾਸਾਪੁਰੀਆ, ਪ੍ਰੋਡਿਊਸਰ ਸੱਤਾ ਡੀਕੇ ਤੇ ਲਵ ਮਿਊਜ਼ਕ ਕੰਪਨੀ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188, 294,504 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ

ਥਾਣਾ ਮੁਖੀ ਇੰਸਪੈਕਟਰ ਮੈਡਮ ਰੁਪਿੰਦਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਉੱਪਰ ਪੂਰਾ ਸ਼ਿਕੰਜਾ ਰਹੇਗਾ।

ਪੰਜਾਬ ‘ਚ ਹਥਿਆਰਾਂ ਨੂੰ ਲੈ ਕੇ ਭਗਵੰਤ ਸਰਕਾਰ ਵੱਲੋਂ ਪਿਛਲੇ ਦਿਨੀਂ ਵੱਡਾ ਫ਼ੈਸਲਾ ਲਿਆ ਗਿਆ ਹੈ। ਗੰਨ ਕਲਚਰ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਹੁਣ ਤੱਕ ਜਾਰੀ ਸਾਰੇ ਹਥਿਆਰਾਂ ਦੇ ਲਾਇਸੈਂਸਾਂ ਦੀ ਅਗਲੇ 3 ਮਹੀਨਿਆਂ ਅੰਦਰ ਪੂਰੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੋਈ ਨਵਾਂ ਹਥਿਆਰ ਉਦੋਂ ਤੱਕ ਨਹੀਂ ਦਿੱਤਾ ਜਾਵੇਗਾ, ਜਦੋਂ ਤੱਕ ਕਿ ਡੀ. ਸੀ. ਨਿੱਜੀ ਤੌਰ ‘ਤੇ ਸੰਤੁਸ਼ਟ ਨਾ ਹੋਵੇ।

ਇਸ ਤੋਂ ਇਲਾਵਾ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ (ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨ ਸਮੇਤ) ਦੀ ਸਖ਼ਤ ਮਨਾਹੀ ਹੋਵੇਗੀ। ਮੁੱਖ ਮੰਤਰੀ ਮਾਨ ਨੇ ਹੁਕਮ ਜਾਰੀ ਕੀਤੇ ਕਿ ਆਉਣ ਵਾਲੇ ਦਿਨਾਂ ‘ਚ ਵੱਖ-ਵੱਖ ਇਲਾਕਿਆਂ ‘ਚ ਚੈਕਿੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਥਿਆਰਾਂ ਜਾਂ ਹਿੰਸਾ ‘ਤੇ ਬਣਨ ਵਾਲੇ ਗਾਣੇ ਵੀ ਬੈਨ ਹੋਣਗੇ।

ਕਪੂਰਥਲਾ ਵਿੱਚ ਵੀ ਵਿਆਹ ਵਿੱਚ ਰਾਤ ਨੂੰ ਕੱਢੀ ਜਾਗੋ ਵਿੱਚ ਇੱਕ ਸਾਬਕਾ ਫ਼ੌਜੀ ਵੱਲੋਂ ਆਪਣੀ ਲਾਇਸੈਂਸੀ ਪਿਸਤੌਲ ਦੇ ਨਾਲ ਚਾਰ ਹਵਾਈ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਖਿਲਾਫ਼ ਐੱਫਆਈਆਰ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।