India

ਟਿਕਟ ਨਾ ਮਿਲਣ ਤੋਂ ਨਾਰਾਜ਼ ਖੰਭੇ ’ਤੇ ਚੜ੍ਹਿਆ ਇਹ ਵਿਅਕਤੀ

ਨਵੀਂ ਦਿੱਲੀ:  ਦਿੱਲੀ ਵਿੱਚ 4 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਟਿਕਟ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਦਾ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਅੱਜ ਪੂਰਬੀ ਦਿੱਲੀ ਵਿੱਚ ਬਿਜਲੀ ਦੇ ਖੰਭੇ ’ਤੇ ਚੜ੍ਹ ਗਿਆ। ਪੁਲਿਸ ਅਨੁਸਾਰ ਫਾਇਰ ਬ੍ਰਿਗੇਡ ਨੂੰ ਸਵੇਰੇ 10.51 ਵਜੇ ਸੂਚਨਾ ਮਿਲੀ ਕਿ ਸ਼ਾਸਤਰੀ ਪਾਰਕ ਵਿੱਚ ਇਕ ਵਿਅਕਤੀ ਖੰਭੇ ’ਤੇ ਚੜ੍ਹ ਗਿਆ ਹੈ। ਇਸ ਮਗਰੋਂ ਫਾਇਰ ਬ੍ਰਿਗੇਡ ਅਤੇ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਹਸੀਬ-ਉਲ-ਹਸਨ ਨੂੰ ਹੇਠਾਂ ਉਤਰਿਆ ਗਿਆ।

ਸਾਬਕਾ ਕੌਂਸਲਰ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ‘ਆਪ’ ‘ਤੇ ਆਪਣੇ ਕੌਂਸਲਰਾਂ ਅਤੇ ਉਮੀਦਵਾਰਾਂ ਦੇ ਦਸਤਾਵੇਜ਼ ਜ਼ਬਰਦਸਤੀ ਰੱਖਣ ਦਾ ਦੋਸ਼ ਲਾਇਆ ਹੈ। ਉਹ ਕਹਿ ਰਿਹਾ ਹੈ ਕਿ ਜੇਕਰ ਟਿਕਟ ਨਹੀਂ ਦੇਣੀ ਸੀ ਤਾਂ ਨਾ ਦਿਓ, ਪਰ ਕਾਗਜ਼ ਵਾਪਸ ਕਰ ਦਿਓ। ਨਾਮਜ਼ਦਗੀ ਦਾ ਕੱਲ੍ਹ ਆਖਰੀ ਦਿਨ ਹੈ ਅਤੇ ਪਾਰਟੀ ਉਨ੍ਹਾਂ ਦੇ ਕਾਗਜ਼ ਨਹੀਂ ਦੇ ਰਹੀ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੂਰਬੀ ਦਿੱਲੀ ਤੋਂ ਕੌਂਸਲਰ ਹਸੀਬ ਉਲ ਹਸਨ ਦਾ ਇੱਕ ਵੀਡੀਓ ਵਾਇਰਲ ਹੋ ਚੁੱਕਾ ਹੈ। ਇਸ ‘ਚ ਉਸ ਨੇ ਖੁਦ ਨਾਲੇ ‘ਚ ਉਤਰ ਕੇ ਉਸ ਦੀ ਸਫਾਈ ਕੀਤੀ ਸੀ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਹਸਨ ਨੂੰ ਦਿੱਲੀ ਨਿਗਮ ਚੋਣਾਂ ਲਈ ਮੈਦਾਨ ਵਿੱਚ ਨਹੀਂ ਉਤਾਰਿਆ। ਖੰਭੇ ’ਤੇ ਚੜ੍ਹਨ ਤੋਂ ਬਾਅਦ ਰਿਲੀਜ਼ ਕੀਤੀ ਵੀਡੀਓ ਵਿੱਚ ਹਸਨ ਨੇ ਕਿਹਾ, ‘ਜੇਕਰ ਮੈਨੂੰ ਕੁਝ ਹੋ ਜਾਂਦਾ ਹੈ, ਜਾਂ ਮੇਰੀ ਮੌਤ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਦੁਰਗੇਸ਼ ਪਾਠਕ ਅਤੇ ਆਤਿਸ਼ੀ ਜ਼ਿੰਮੇਵਾਰ ਹੋਣਗੇ।

ਉਨ੍ਹਾਂ ਕੋਲ ਮੇਰੇ ਅਸਲ ਦਸਤਾਵੇਜ਼ ਹਨ, ਮੇਰੀ ਬੈਂਕ ਪਾਸਬੁੱਕ ਸਮੇਤ। ਨਾਮਜ਼ਦਗੀ ਭਰਨ ਦਾ ਕੱਲ੍ਹ ਆਖਰੀ ਦਿਨ ਹੈ ਪਰ ਉਹ ਮੇਰੇ ਦਸਤਾਵੇਜ਼ ਨਹੀਂ ਦੇ ਰਹੇ।’ ਆਮ ਆਦਮੀ ਪਾਰਟੀ ਨੇ ਫਿਲਹਾਲ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ। ਇਸ ਮਗਰੋਂ ਦੁਪਹਿਰ 3 ਵਜੇ ਦੇ ਕਰੀਬ ਹਸਨ ਇਹ ਦਾਅਵਾ ਕਰਦੇ ਹੋਏ ਹੇਠਾਂ ਉੱਤਰ ਗਿਆ ਕਿ ‘ਆਪ’ ਆਗੂਆਂ ਨੇ ਮੀਡੀਆ ਦੇ ਦਬਾਅ ਹੇਠ ਉਸ ਦੇ ਦਸਤਾਵੇਜ਼ ਵਾਪਸ ਕਰ ਦਿੱਤੇ ਹਨ।

ਦਿੱਲੀ ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟੀ ਨੇ ਐਤਵਾਰ ਨੂੰ 250 ਉਮੀਦਵਾਰਾਂ ਦੀ ਸੂਚੀ ਰਿਲੀਜ਼ ਕੀਤੀ ਹੈ। ਨਗਰ ਨਿਗਮ ਦੇ 250 ਵਾਰਡਾਂ ਲਈ ਪੋਲਿੰਗ 4 ਦਸੰਬਰ ਨੂੰ ਹੋਵੇਗੀ ਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਨਿਲ ਚੌਧਰੀ ਨੇ ਸੋਸ਼ਲ ਮੀਡੀਆ ’ਤੇ ਸੂਚੀ ਜਾਰੀ ਕਰਦਿਆਂ ਸਾਰੇ ਉਮੀਦਵਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।