‘ਦ ਖ਼ਾਲਸ ਬਿਊਰੋ : ਤਿਹਾੜ ਜੇਲ੍ਹ ਦੇ ਸਾਬਕਾ ਅਧਿਕਾਰੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇਲ੍ਹ ਵਿੱਚ ਰਸੂਖਦਾਰਾਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਇੰਤਜ਼ਾਮ ਕਰਨਾ ਆਮ ਗੱਲ ਹੈ। ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਜੇਲ੍ਹ ਦੀ ਕੋਠੜੀ ਵਿੱਚ ਕਥਿਤ ਤੌਰ ’ਤੇ ‘ਮਾਲਸ਼’ ਕਰਵਾਉਂਦੇ ਹੋਏ ਵੀਡੀਓ ਕਾਰਨ ਪੈਦਾ ਹੋਏ ਵਿਵਾਦ ਸਬੰਧੀ ਤਿਹਾੜ ਜੇਲ੍ਹ ਦੇ ਸਾਬਕਾ ਕਾਨੂੰਨ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਉੱਥੇ ਪ੍ਰਭਾਵਸ਼ਾਲੀ ਕੈਦੀਆਂ ਦੀਆਂ ਜਿਨਸੀ ਇੱਛਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸੁਨੀਲ ਗੁਪਤਾ, ਜੋ 1981 ਤੋਂ 2016 ਤੱਕ ਤਿਹਾੜ ਜੇਲ੍ਹ ਵਿੱਚ ਕਾਨੂੰਨ ਅਧਿਕਾਰੀ ਅਤੇ ਤਰਜਮਾਨ ਵਜੋਂ ਤਾਇਨਾਤਦੇ ਸਨ, ਨੇ ਦਾਅਵਾ ਕੀਤਾ ਕਿ ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ ਵਿੱਚ ਪ੍ਰਭਾਵਸ਼ਾਲੀ ਲੋਕਾਂ ਨੂੰ ਅਧਿਕਾਰੀਆਂ ਦੇ ਨਾਲ-ਨਾਲ ਕੈਦੀਆਂ ਵੱਲੋਂ ਹਰ ਤਰ੍ਹਾਂ ਦੀਆਂ “ਵਿਸ਼ੇਸ਼ ਸਹੂਲਤਾਂ” ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਕੁਝ ਮਾਮਲਿਆਂ ਵਿੱਚ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ।