Punjab

SGPC ਇੰਝ ਮਨਾਏਗੀ ਸ਼ਹੀਦੀ ਦਿਹਾੜੇ, ਪੜੋ ਹੋਰ ਵੀ ਖ਼ਾਸ ਐਲਾਨ

This is how SGPC will celebrate martyrdom day, read more special announcement

ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤ੍ਰਿਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਖ਼ਾਸ ਤੌਰ ਉੱਤੇ ਸ਼ਹੀਦੀ ਜੋੜ ਮੇਲਿਆਂ ਬਾਰੇ ਕਈ ਫੈਸਲੇ ਲਏ ਗਏ। ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ 15 ਦਸੰਬਰ ਤੋਂ 31 ਦਸੰਬਰ ਤੱਕ ਸ਼੍ਰੋਮਣੀ ਕਮੇਟੀ ਦੇ ਸਾਰੇ ਸਥਾਨਾਂ ਉੱਤੇ ਸਾਦਾ ਭੋਜਨ ਬਣਾਇਆ ਜਾਵੇਗਾ, ਕੋਈ ਮਿੱਠਾ ਨਹੀਂ ਬਣਾਇਆ ਜਾਵੇਗਾ ਤੇ ਕਿਸੇ ਨੂੰ ਵੀ ਸਿਰੋਪਾ ਬਖਸ਼ਿਸ਼ ਨਹੀਂ ਕੀਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਅਧੀਨ ਸਾਰੇ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਲਗਾਤਾਰ ਜਪਜੀ ਸਾਹਿਬ ਅਤੇ ਚੌਪਈ ਸਾਹਿਬ ਦੇ ਪਾਠ ਕਰਿਆ ਕਰਨਗੇ ਅਤੇ ਨਾਲ ਦੀ ਨਾਲ ਸੰਥਿਆ ਕਰਿਆ ਕਰਨਗੇ।

ਸ਼੍ਰੋਮਣੀ ਕਮੇਟੀ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ 20 ਤੋਂ 30 ਦਸੰਬਰ ਤੱਕ ਹੱਥਾਂ ਵਿੱਚ ਤਖਤੀਆਂ ਲੈ ਕੇ, ਹੱਥਾਂ ਵਿੱਚ ਮੋਟੋ, ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਵੱਖ ਵੱਖ ਪਿੰਡਾਂ ਵਿੱਚ ਪ੍ਰਚਾਰਕਾਂ ਦੇ ਨਾਲ ਮਾਰਚ ਕੱਢਿਆ ਜਾਵੇ ਤਾਂ ਜੋ ਲੋਕਾਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਪਤਾ ਲੱਗ ਸਕੇ।

ਤਖ਼ਤ ਸ਼੍ਰੀ ਪਟਨਾ ਸਾਹਿਬ ਵਿਵਾਦ ਉੱਤੇ ਬੋਲਦਿਆਂ ਧਾਮੀ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ। ਪਰ ਜਿਸ ਢੰਗ ਨਾਲ ਜਥੇਦਾਰ ਦੇ ਫੈਸਲੇ ਖਿਲਾਫ ਪਟਨਾ ਸਾਹਿਬ ਪੁਤਲੇ ਸਾੜੇ ਗਏ, ਉਹ ਬਹੁਤ ਹੀ ਨਿੰਦਣਯੋਗ ਹੈ।

ਦਸਤਖਤ ਮੁਹਿੰਮ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਨਾ ਕਿਸੇ ਸਿੱਖ ਸੰਸਥਾ ਨੇ ਤਾਂ ਅੱਗੇ ਲੱਗਣਾ ਹੀ ਸੀ। ਸਮੁੱਚੀ ਕੌਮ ਫਾਰਮ ਭਰ ਕੇ ਇਸ ਗੱਲ ਦਾ ਪ੍ਰਗਟਾਵਾ ਕਰ ਰਹੀ ਹੈ ਕਿ ਸਿੱਖਾਂ ਦੇ ਮਨਾਂ ਵਿੱਚ ਕਿੰਨਾ ਦਰਦ ਹੈ। ਬੰਦੀ ਸਿੰਘਾਂ ਵਾਸਤੇ ਅਸੀਂ ਵੱਡੇ ਪੱਧਰ ਉੱਤੇ ਪ੍ਰਚਾਰ ਕਰਾਂਗੇ।

ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਸਵਾਲ ਕਰਦਿਆਂ ਧਾਮੀ ਨੇ ਪੁੱਛਿਆ ਕਿ ਸਾਰਿਆਂ ਦੇ ਮਿਨਿਓਰਿਟੀ ਸਟੇਟਸ ਉੱਤੇ ਤੁਹਾਡਾ ਕੀ ਪ੍ਰਤੀਕਰਮ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਲਾਗੂ ਹੋਣ ਦੀ ਤਿਆਰੀ ਹੋ ਰਹੀ ਹੈ ਜੋ ਕਿ ਘੱਟ ਗਿਣਤੀਆਂ ਦੇ ਖਿਲਾਫ ਹੈ। ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਘੱਟ ਗਈ ਹੈ। ਉਨ੍ਹਾਂ ਨੇ ਲਾਲਪੁਰਾ ਨੂੰ ਘੱਟ ਗਿਣਤੀਆਂ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ। ਜੇ ਅਜਿਹਾ ਨਹੀਂ ਕਰ ਸਕਦੇ ਤਾਂ ਇਨ੍ਹਾਂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਇਸਦੀ ਰਿਪੋਰਟ ਜਲਦ ਮਿਲ ਜਾਵੇਗੀ।