Punjab

ਆਮ ਆਦਮੀ ਪਾਰਟੀ ‘ਤੇ ਚੰਨੀ ਦਾ ਇਹ ਇਲਜ਼ਾਮ

ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਕ ਪ੍ਰੈਸ ਕੈਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਚੰਨੀ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਲੋਕਾਂ ਵਿੱਚ ਇਨਕਲਾਬ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਸੀ ਉਹ ਅੱਜ ਜਲੰਧਰ ਜ਼ਿਮਨੀ ਚੋਣਾਂ ਨੂੰ ਹਾਈਜ਼ੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਚੰਨੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਚੰਨੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਧਮਕੀਆਂ ਦੇ ਕੇ ਅਤੇ ਪੈਸੇ ਦੋ ਜ਼ੋਰ ‘ਤੇ ਵੋਟਾਂ ਖਰੀਦੀਆਂ ਜਾ ਰਹੀਆਂ ਹਨ।

ਕਤਲ ਦੇ ਦੋਸ਼ੀਆਂ ਨੂੰ ਲਿਆ ਕੇ ਵੋਟਰਾਂ ਨੂੰ ਡਰਾਇਆ ਜਾ ਰਿਹਾ

ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੁਆਰਾ ਕਤਲ ਦੇ ਦੋਸ਼ੀ ਬੰਦਿਆਂ ਨੂੰ  ਜਿਨ੍ਹਾਂ ‘ਤੇ ਕਤਲ ਦੇ ਮਾਮਲੇ ਦਰਜ ਹਨ ਉਨ੍ਹਾਂ ਨੂੰ ਇੱਥੇ ਲਿਆ ਕੇ ਵੋਟਾਂ ਨੂੰ ਹਾਈਜ਼ੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਨਾਲ ਉਨ੍ਹਾਂ ਨੇ ਗੈਂਗਸਟਰ ਦਲਜੀਤ ਸਿੰਘ ਦੀ ਫੋਟੋ ਦਿਖਾਉਂਦਿਆਂ ਕਿਹਾ ਕਿ ਇਸ ਗੈਂਸਟਰ ‘ਤੇ ਕਈ ਕਤਲ ਦੇ ਮਾਮਲੇ ਦਰਜ ਹਨ।

ਕਤਲ ਦੇ ਦੋਸ਼ੀ ਨੂੰ ਪੈਰੋਲ ‘ਤੇ ਕਢਵਾਇਆ ਬਾਹਰ

ਚੰਨੀ ਨੇ ਕਿਹਾ ਕਿ ਕਤਲ ਕੇਸ ‘ਚ ਜੇਲ੍ਹ ‘ਚ ਬੰਦ ਇਸ ਗੈਂਗਸਟਰ ਨੂੰ ਅਦਾਲਤ ਵੱਲੋਂ ਜ਼ਮਾਨਤ ਨਹੀਂ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਜੇਲ੍ਹ ਦੇ ਅਧਿਕਾਰੀਆਂ ਦੇ ਆਪਣਾ ਦਬਾਅ ਪਾ ਕੇ ਇਸਨੂੰ ਪੈਰੋਲ ‘ਤੇ ਬਾਹਰ ਕੱਢਿਆ ਹੈ। ਜਿਸ ਤੋਂ ਬਾਅਦ ਇਸ ਗੈਂਗਸਟਰ ਵੱਲੋਂ ਕਾਂਗਰਸ ਦੇ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਚੰਨੀ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਵੀ ਇਸ ਗੈਂਗਸਟਰ ਦੇ ਨਾਲ ਹੁੰਦੇ ਹਨ।

ਚੰਨੀ ਨੇ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕੀਤੀ ਕਿ ਕ ਉਹ 10 ਤਰੀਕ ਤੱਕ ਇਸ ਗੈਂਗਸਟਰ ਦੀ ਪੈਰੋਲ ਰੱਦ ਕਰਕੇ ਇਸਨੂੰ ਵਾਪਸ ਜੇਲ੍ਹ ਭੇਜਣ।

  • ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਚੰਨੀ ਕਿਹਾ ਕਿ ਉਹ ਕਤਲ ਦੇ ਦੋਸ਼ੀਆਂ ਨੂੰ ਬਾਹਰ ਲਿਆ ਕੇ ਕੀ ਸਾਬਤ ਕਰਨਾ ਚਾਹੁੰਦੇ ਹਨ?
  • ਕੀ ਇਹੋ ਆਮ ਆਦਮੀ ਪਾਰਟੀ ਦੀ ਇਨਕਲਾਬ ਹੈ?
  • ਕੀ ਤੁਸੀਂ ਲੋਕਾਂ ਨੂੰ ਡਰਾਉਣਾ ਚਾਹੁੰਦੇ ਹੋ ?

ਚੰਨੀ ਨੇ ਕਿਹਾ ਕਿ ਜਲੰਧਰ ਦੇ ਲੋਕ ਅਜਿਹੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਨਾ ਇਹ ਲੋਕ ਵਿਕਾਊ ਹਨ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਲਿਤ ਆਗੂ ਨੂੰ ਡਿਪਟੀ ਸੀਐਣ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਅੱਜ ਪੂਰਾ ਨਹੀਂ ਹੋਇਆ।

‘ਜੋ ਲਾਹੌਰ ‘ਚ ਕਾਮਯਾਬ ਨਹੀਂ ਉਹ ਪਿਸ਼ੋਰ ‘ਚ ਵੀ ਕਾਮਯਾਬ ਨਹੀਂ’

ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਦਲਬਦਲੂਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਦਲਬਦਲੂਆਂ ਬਾਰੇ ਇੱਕ ਕਹਾਵਤ ਬੋਲਦਿਆਂ ਚੰਨੀ ਨੇ ਕਿਹਾ ‘ਜੋ ਲਾਹੌਰ ‘ਚ ਕਾਮਯਾਬ ਨਹੀਂ ਉਹ ਪਿਸ਼ੋਰ ‘ਚ ਵੀ ਕਾਮਯਾਬ ਨਹੀਂ ਹੋ ਸਕਦਾ। ਜਲੰਧਰ ‘ਚ ਨਸ਼ਿਆਂ ਦੀ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਨੇ ਜਲੰਧਰ ਵਿੱਚ ਨਸ਼ਾ, ਜੂਆ ਅਤੇ ਹੋਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਹੈ ਉਸਨੂੰ ਉਹ ਖੁਦ ਠੱਲ ਪਾਉਣਗੇ। ਸ਼ੀਤਲ ਅੰਗੂਰਾਲ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਜੋ ਇਲਜ਼ਾਮ ਸ਼ੀਤਲ ਨੇ ਲਗਾਏ ਹਨ ਉਸਦੀ ਜਾਂਚ ਹੋਣੀ ਚਾਹੀਦੀ ਹੈ।