India

ਇਨ੍ਹਾਂ ਦੋ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸੱਦੇ ਪੱਤਰ ਦੀ ਕੀਤੀ ਪੜਚੋਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਭੇਜਿਆ ਗਿਆ ਸੱਦਾ ਪੱਤਰ ਸਿਰਫ ਇੱਕ ਚਿੱਠੀ ਹੈ। ਉਹ ਪੰਜ ਪੇਜ਼ਾਂ ਦੀ ਚਿੱਠੀ ਹੈ, ਜਿਸ ਵਿੱਚ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੈਂ ਆਪਣੇ 35-40 ਸਾਲਾਂ ਦੇ ਜਨਤਕ ਅੰਦੋਲਨਾਂ ਦੇ ਸਮੇਂ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਸਮਾਂ ਵੀ ਤੁਹਾਡਾ ਅਤੇ ਥਾਂ ਵੀ ਤੁਹਾਡੀ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਘੋਲ ਤੋਂ ਬਾਹਰ ਬੈਠੇ ਲੋਕਾਂ ਨੂੰ ਆਪਣੇ ਗੋਦੀ ਮੀਡੀਆ ਰਾਹੀਂ ਇਹ ਜਤਾ ਰਹੀ ਹੈ ਕਿ ਸਰਕਾਰ ਨੇ ਚਿੱਠੀ ਭੇਜੀ ਹੋਈ ਹੈ ਪਰ ਕਿਸਾਨ ਗੱਲਬਾਤ ਲਈ ਤਿਆਰ ਨਹੀਂ ਹਨ। ਉਗਰਾਹਾਂ ਨੇ ਕਿਹਾ ਕਿ ਅਸਲ ਵਿੱਚ ਕੇਂਦਰ ਸਰਕਾਰ ਇਸ ਚਿੱਠੀ ਰਾਹੀਂ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਗੱਲਬਾਤ ਸੋਧਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਕਰਨਾ ਚਾਹੁੰਦੀ ਹੈ।

ਸਰਕਾਰ ਨੇ ਇਹ ਸੋਧਾਂ ਕਰਨ ਦੀ ਗੱਲ ਮੰਨ ਕੇ ਅਤੇ ਹੋਰ ਸੋਧਾਂ ਲਈ ਤਿਆਰ ਹੋ ਕੇ ਇਹ ਸਵੀਕਾਰ ਕਰ ਲਿਆ ਹੈ ਕਿ ਕਾਨੂੰਨਾਂ ਵਿੱਚ ਕੁੱਝ ਨਾ ਕੁੱਝ ਗਲਤ ਜ਼ਰੂਰ ਹੈ। ਇਸ ਚਿੱਠੀ ਦਾ ਸਿੱਧਾ ਮਤਲਬ ਹੈ ਕਿ ਕਾਨੂੰਨਾਂ ਵਿੱਚ ਸੋਧ ਕਰਵਾ ਲਉ, ਪਰ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ।

ਸਾਡੀਆਂ ਦੋਵੇਂ ਜਥੇਬੰਦੀਆਂ ਇਹ ਸਮਝਦੀਆਂ ਹਨ ਕਿ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਸੱਦਾ ਪੱਤਰ ਨਹੀਂ ਹੈ ਬਲਕਿ ਇੱਕ ਚਿੱਠੀ ਹੈ, ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਾਨੂੰਨਾਂ ਵਿੱਚ ਜੋ ਸੋਧਾਂ ਕਰਵਾਉਣੀਆਂ ਹਨ, ਉਹ ਕਰਵਾ ਲਉ, ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ। ਮੋਦੀ ਸਰਕਾਰ ਨੇ ਆਪਣਾ ਸਥਾਨ ਸੁਰੱਖਿਅਤ ਰੱਖ ਲਿਆ ਹੈ।