‘ਦ ਖ਼ਾਲਸ ਬਿਊਰੋ : ਭਾਰਤ ਆਯੁਸ਼ਮਾਨ ਸਕੀਮ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਸਾਨੂੰ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦੀ ਲੋੜ ਨਹੀਂ ਪਵੇਗੀ। ਸੂਬੇ ਵਿੱਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਵਿੱਚ ਹੀ ਮਰੀਜ਼ ਠੀਕ ਹੋਣਗੇ।
ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਦਿੱਲੀ ਦੌਰੇ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਸੀ। ਆਯੁਸ਼ਮਾਨ ਯੋਜਨਾ ਕੇਂਦਰ ਅਤੇ ਰਾਜ ਦੀ ਸਾਂਝੀ ਲਾਗਤ ‘ਤੇ ਚੱਲਦੀ ਹੈ, ਜਿਸ ਵਿੱਚ 5 ਲੱਖ ਤੱਕ ਦਾ ਕੈਸ਼ਲੈੱਸ ਇਲਾਜ ਮਿਲਦਾ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਜਦੋਂ ਪੰਜਾਬ ਆਪਣੇ ਦਮ ‘ਤੇ ਇਲਾਜ ਕਰਵਾਉਣਾ ਸ਼ੁਰੂ ਕਰ ਦੇਵੇਗਾ ਤਾਂ ਸਾਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਨਹੀਂ ਪਵੇਗੀ। ਦਿੱਲੀ ਅਤੇ ਬੰਗਾਲ ਵਿੱਚ ਹਰ ਕਿਸੇ ਦਾ ਇਲਾਜ ਮੁਫ਼ਤ ਹੈ। ਆਯੁਸ਼ਮਾਨ ਵਿੱਚ ਸਿਰਫ਼ ਵਿਸ਼ੇਸ਼ ਵਰਗ ਨੂੰ ਹੀ ਮੁਫ਼ਤ ਇਲਾਜ ਮਿਲਦਾ ਹੈ। ਅਸੀਂ ਅਗਲੇ ਸਾਲ ਤੱਕ ਮੁਹੱਲਾ ਕਲੀਨਿਕਾਂ ਅਤੇ ਹਸਪਤਾਲਾਂ ਨੂੰ ਇੰਨਾ ਵਧੀਆ ਬਣਾ ਦੇਵਾਂਗੇ ਕਿ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੀ ਲੋੜ ਨਹੀਂ ਪਵੇਗੀ।
ਦਰਅਸਲ, ਪੀਜੀਆਈ ਨੇ ਪੰਜਾਬ ਸਰਕਾਰ ਦੀ ਕਈ ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਕਾਰਨ ਪੰਜਾਬ ਦੇ ਮਰੀਜ਼ਾਂ ਦਾ ਇਲਾਜ 1 ਅਗਸਤ ਤੋਂ ਬੰਦ ਕਰ ਦਿੱਤਾ ਸੀ। ਜਿਸ ਕਾਰਨ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਪੰਜਾਬ ਸਰਕਾਰ ਪੀਜੀਆਈ ਚੰਡੀਗੜ੍ਹ ਨੂੰ 16 ਕਰੋੜ ਦੇ ਸੱਤ ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ ਸੀ, ਜਿਸ ਕਰਕੇ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਜਿਨ੍ਹਾਂ ਲੋਕਾਂ ਦਾ ਇਲਾਜ PGI ਵਿੱਚ ਹੁੰਦਾ ਸੀ, ਹਸਪਤਾਲ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਮਨਾ ਕਰ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਵਿੱਚ ਸਰਕਾਰੀ ਮੈਡੀਕਲ ਕਾਲਜ ਨੇ ਵੀ ਮਾਰਚ ਮਹੀਨੇ ਤੋਂ ਆਯੂਸ਼ਮਾਨ ਭਾਰਤ ਸਕੀਮ ਅਧੀਨ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਸਕੀਮ ਤਹਿਤ PGI ਚੰਡੀਗੜ੍ਹ ਪੰਜਾਬ ਦੇ 1200 ਤੋਂ 1400 ਮਰੀਜ਼ਾਂ ਦਾ ਇਲਾਜ ਕਰਦਾ ਹੈ।
ਪੀਜੀਆਈ ਦੇ ਡਿਪਟੀ ਡਾਇਰੈਕਟਰ ਅਤੇ ਅਧਿਕਾਰਤ ਬੁਲਾਰੇ ਕੁਮਾਰ ਗੌਰਵ ਧਵਨ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਸੰਸਥਾ ਨੇ ਇਹ ਫੈਸਲਾ ਪ੍ਰਧਾਨ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਦੇ ਦਫਤਰਾਂ ਤੋਂ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦੇ ਨਿਰਦੇਸ਼ਾਂ ‘ਤੇ ਲਿਆ ਹੈ ਤਾਂ ਜੋ ਮਰੀਜ਼ ਦੁਖੀ ਨਾ ਹੋਣ। ਉਨ੍ਹਾਂ ਕਿਹਾ ਸੀ ਕਿ ਸਕੱਤਰ ਸਿਹਤ, ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਸਾਰੇ ਬਕਾਇਆ ਕਲੀਅਰ ਕਰ ਦਿੱਤੇ ਜਾਣਗੇ।