ਚੰਡੀਗੜ੍ਹ : ਪੰਜਾਬ ਵਿੱਚ ਅਗਲੇ ਦਿਨਾਂ ਦੌਰਾਨ ਵੀ ਗਰਜ ਚਮਕ ਨਾਲ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਰਹੇਗਾ। ਚੰਡੀਗੜ੍ਹ ਮੌਸਮ ਕੇਂਦਰ ਵੱਲੋਂ ਜਾਰੀ ਚਿਤਾਵਨੀ ਮੁਤਾਬਕ 18 ਜੁਲਾਈ ਨੂੰ ਯੈਲੋ ਅਲਰਟ ਨਾਲ ਸੂਬੇ ਦੇ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਦੇ ਜ਼ਿਆਦਾਤਰ ਹਿੱਸੇ ਵਿੱਚ ਗਰਜ ਚਮਕ ਨਾਲ ਮੀਂਹ ਪਵੇਗਾ ਜਦਕਿ ਪੱਛਮੀ ਮਾਲਵੇ ਕੁੱਝ ਹਿੱਸੇ ਵਿੱਚ ਹੀ ਗਰਜ ਚਮਕ ਨਾਲ ਮੀਂਹ ਰਹੇਗਾ।
ਮੌਸਮ ਵਿਭਾਗ ਮੁਤਾਬਕ 19 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਪਵੇਗਾ ਜਦਕਿ ਪੱਛਮੀ ਮਾਲਵੇ ਵਿਖੇ ਕਿਤੇ ਕਿਤੇ ਗਰਜ ਚਮਕ ਨਾਲ ਮੀਂਹ ਰਹੇਗਾ। ਇਸ ਤਰ੍ਹਾਂ 20 ਜੁਲਾਈ ਨੂੰ ਵੀ ਯੈਲੋ ਅਲਰਟ ਹੈ ਅਤੇ ਇਸ ਦਿਨ ਮਾਝਾ, ਦੋਆਬਾ ਅਤੇ ਪੱਛਮੀ ਮਾਲਵਾ ਦੇ ਕੁੱਝ ਹਿੱਸੇ ਅਤੇ ਪੂਰਬੀ ਮਾਲਵਾ ਦੇ ਜ਼ਿਆਦਾਤਰ ਹਿੱਸੇ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਇਸੇ ਤਰ੍ਹਾਂ 21 ਜੁਲਾਈ ਨੂੰ ਪੱਛਮੀ ਅਤੇ ਪੂਰਬੀ ਮਾਲਵਾ ਵਿਖੇ ਹੀ ਯੈਲੋ ਅਲਰਟ ਹੈ, ਇੱਥੇ ਜ਼ਿਆਦਾਤਰ ਹਿੱਸੇ ਵਿੱਚ ਗਰਜ ਚਮਕ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਜਦਕਿ ਇਸ ਦਿਨ ਮਾਝਾ ਦੇ ਕੁੱਝ ਹਿੱਸੇ ਅਤੇ ਦੋਆਬਾ ਦੇ ਟੁੱਟਵੇਂ ਭਾਗ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਸੱਤ ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਸੂਬੇ ‘ਚ 17 ਤੋਂ 21 ਜੁਲਾਈ ਤੱਕ ਵੱਖ-ਵੱਖ ਥਾਵਾਂ ‘ਤੇ ਹਨੇਰੀ ਅਤੇ ਅਸਮਾਨ ਵਿੱਚ ਬਿਜਲੀ ਕੜਕਣ ਦਾ ਮੌਸਮ ਬਣਿਆ ਰਹੇਗਾ।