Khetibadi Punjab

ਤਿੰਨ ਕਿੱਲੇ ਦਾ ਖੜਿਆ ਝੋਨਾ ਹੀ ਦਿੱਤਾ ਵਾਹ, ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਲਾਈ ਪਨੀਰੀ

farmer, Kurukshetra, Sowing of paddy, flood affected farmers

ਕੁਰੂਕਸ਼ੇਤਰ : ਪੰਜਾਬ ਹੜ੍ਹਾਂ ਦੀ ਮਾਰ ਕਾਰਨ ਖੇਤੀਬਾੜੀ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਹੈ। ਸਾਉਣ ਦੀ ਮੁੱਖ ਫ਼ਸਲ ਝੋਨਾ ਪਾਣੀ ਵਿੱਚ ਵਹਿ ਗਿਆ ਹੈ। ਅਜਿਹੀ ਔਖੀ ਕੜੀ ਵਿੱਚ ਲੋਕ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਵੱਖੋ-ਵੱਖਰੇ ਤਰੀਕਿਆਂ ਨਾਲ ਮਦਦ ਕਰ ਰਹੇ ਹਨ। ਇਸ ਮਾਹੌਲ ਵਿੱਚ ਪੀੜਤ ਕਿਸਾਨਾਂ ਦੀ ਮਦਦ ਲਈ ਆਇਆ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਅਸਮਾਨਪੁਰ ਦਾ ਕਿਸਾਨ ਗੁਰਲਾਲ ਸੁਰਖ਼ੀਆਂ ਵਿੱਚ ਹੈ। ਉਸ ਦੇ ਵੱਡੇ ਦਿਲ ਕਾਰਨ ਸੋਸ਼ਲ ਮੀਡੀਆ ਉੱਤੇ ਉਸ ਦੀ ਪ੍ਰਸੰਸਾ ਹੋ ਰਹੀ ਹੈ।

ਦਰਅਸਲ ਕਿਸਾਨ ਗੁਰਲਾਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਆਪਣਾ ਚੰਗਾ ਭਲਾ ਖੇਤ ਵਿੱਚ ਖੜ੍ਹਿਆ ਝੋਨਾ ਹੀ ਵਾਹ ਦਿੱਤਾ ਹੈ। ਖ਼ਾਲਸ ਟੀਵੀ ਨਾਲ ਗੱਲਬਾਤ ਕਰਦਿਆਂ ਗੁਰਲਾਲ ਨੇ ਕਿਹਾ ਕਿ ਉਸ ਕੋਲ ਘਰ ਦੀ ਅੱਠ ਕਿੱਲੇ ਜ਼ਮੀਨ ਹੈ, ਜਿਸ ਵਿੱਚੋਂ ਉਸ ਨੇ ਤਿੰਨ ਕਿੱਲੇ ਵਿੱਚ ਲੱਗਿਆ ਝੋਨਾ ਵਾਹ ਕੇ ਪਨੀਰੀ ਬੀਜ ਦਿੱਤੀ ਹੈ। ਉਸ ਨੇ ਕਿਾਹ ਕਿ ਇਸ ਸਮੇਂ ਪਾਣੀ ਦੇ ਮਾਰ ਕਾਰਨ ਜਿਨ੍ਹਾਂ ਕਿਸਾਨਾਂ ਦਾ ਝੋਨਾ ਨਸ਼ਟ ਹੋ ਗਿਆ ਹੈ, ਉਨ੍ਹਾਂ ਨੂੰ ਫ਼ੌਰੀ ਤੌਰ ਉੱਤੇ ਪਨੀਰੀ ਦੀ ਜ਼ਰੂਰਤ ਹੈ। ਹਾਲੇ ਝੋਨਾ ਦੀ ਲਵਾਈ ਲਈ ਸਮਾਂ ਬਾਕੀ ਹੈ। ਇਸ ਲਈ ਪੀੜਤ ਕਿਸਾਨਾਂ ਦੀ ਪਨੀਰੀ ਨਾਲ ਮਦਦ ਕਰਕੇ ਉਨ੍ਹਾਂ ਦੀ ਕੁੱਝ ਹੱਦ ਤੱਕ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ।

ਕਿਸਾਨ ਗੁਰਲਾਲ ਨੇ ਦੱਸਿਆ ਹੈ ਕਿ ਉਸ ਦੇ ਇਲਾਕੇ ਵਿੱਚ ਪਾਣੀ ਦੀ ਮਾਰ ਨਹੀਂ ਹੈ। ਉਨ੍ਹਾਂ ਦੀ ਹਾਲਤ ਠੀਕ ਹੈ, ਇਸ ਲਈ ਸਾਡੇ ਪਿੰਡ ਦੇ ਲੋਕ ਮਦਦ ਕਰਨ ਲਈ ਅੱਗ ਆ ਰਹੇ ਹਨ। ਉਸ ਨੇ ਕਿਹਾ ਕਿ ਉਸ ਵੱਲੋਂ ਬੀਜੀ ਪਨੀਰੀ ਕੋਈ ਵੀ ਪੀੜਤ ਕਿਸਾਨ ਹਾਸਲ ਕਰ ਸਕਦਾ, ਚਾਹੇ ਉਹ ਕਿਸੇ ਵੀ ਸੂਬੇ ਦਾ ਹੋਵੇ।