India Punjab

ਸਿਟੀ ਬਿਊਟੀਫੁੱਲ ਦੀ ਆਬੋ-ਹਵਾ ਦਿੱਲੀ ਨਾਲੋਂ ਵੀ ਖਰਾਬ

The weather of City Beautiful Chandigarh is worse than Delhi

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹਵਾ ਪ੍ਰਦੂਸ਼ਣ ਦੀ ਮਾਤਰਾ ਘਟਣ ਦਾ ਨਾਮ ਨਹੀਂ ਲੈ ਰਹੀ ਹੈ, ਬਲਕਿ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸ਼ਹਿਰ ਵਿੱਚ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਪੱਧਰ ਕਰ ਕੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨਾ ਹੀ ਨਹੀਂ ਅੱਜ ਬੁੱਧਵਾਰ ਨੂੰ ਦੋ ਸੋਹਣੇ ਸ਼ਹਿਰ ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ (ਏਕਿਊਆਈ) ਦਾ ਸੂਚਕ ਅੰਕ ਦਿੱਲੀ ਦੇ ਮੁਕਾਬਲੇ ਕਾਫੀ ਜ਼ਿਆਦਾ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ-53 ਵਿੱਚ ਏਕਿਊਆਈ 448 ਦਰਜ ਕੀਤਾ ਗਿਆ ਹੈ, ਜਦੋਂ ਕਿ ਦਿੱਲੀ ਵਿੱਚ ਵੀ ਏਕਿਊਆਈ 247 ਹੈ। ਸ਼ਹਿਰ ਦੇ ਸੈਕਟਰ-22 ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 400 ਅਤੇ ਸੈਕਟਰ-25 ਵਿੱਚ 344 ਦਰਜ ਕੀਤਾ ਗਿਆ।

ਮੁਹਾਲੀ ਵਿੱਚ ਏਕਿਊਆਈ 240 ਅਤੇ ਪੰਚਕੂਲਾ ਵਿੱਚ 179 ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਟਰਾਈਸਿਟੀ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕਾਂਕ ਲੰਘੇ ਦਿਨ ਦੇ ਮੁਕਾਬਲੇ ਡੇਢ ਗੁਣਾ ਵੱਧ ਦਰਜ ਕੀਤਾ ਗਿਆ। ਸ਼ਹਿਰ ਦੀਆਂ ਸੜਕਾਂ ਧੂੰਏਂ ਦੇ ਗੁਬਾਰ ਵਿੱਚ ਜਕੜੀ ਰਹੀਆਂ, ਜਿਸ ਕਰ ਕੇ ਸੜਕਾਂ ’ਤੇ ਆਉਣ- ਜਾਣ ਵਾਲਿਆਂ ਨੂੰ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਸੀ। ਉੱਧਰ, ਧੂੰਏਂ ਕਰ ਕੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਵੀ ਮਹਿਸੂਸ ਹੋਈ।

ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਸਿਟੀ ਬਿਊਟੀਫੁੱਲ ਵਿੱਚ ਹਵਾ ਪ੍ਰਦੂਸ਼ਣ ਵਧਣ ਦਾ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਵਧ ਰਹੀਆਂ ਘਟਨਾਵਾਂ ਹਨ। ਇਸ ਵਾਰ ਧੂੰਏਂ ਦੇ ਗੁਬਾਰ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਧੂੰਏਂ ਨੂੰ ਘਟਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਪਾਣੀ ਦੇ ਟੈਂਕਰਾਂ ਰਾਹੀ ਛਿੜਕਾਅ ਕੀਤਾ ਜਾ ਰਿਹਾ ਹੈ ਪਰ ਉਹ ਵੀ ਕੋਈ ਅਸਰ ਕਰਦਾ ਦਿਖਾਈ ਨਹੀਂ ਦੇ ਰਿਹਾ।