‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੇਤੀ ਬਿੱਲਾਂ ਦੇ ਵਿਰੋਧ ‘ਚ ਨਿੱਤਰੇ ਪੰਜਾਬ ਦੇ ਕਿਸਾਨ, ਜੋ ਕਿ ਪਿਛਲੇ ਇੱਕ ਹਫਤੇ ਤੋਂ ਦਿੱਲੀ ਕੂਚ ਕਰ ਰਹੇ ਹਨ ਅਤੇ ਠੰਡ ਦੀ ਰੁੱਤ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਦਿਨ ਤੋਂ ਲੈ ਕੇ ਰਾਤਾਂ ਤੱਕ ਗੁਜ਼ਾਰਨ ਲਈ ਮਜਬੂਰ ਹਨ, ਸਿਰਫ ਇੱਕੋ ਆਸ ‘ਚ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾ ਸਕੀਏ। ਮੋਦੀ ਸਰਕਾਰ ਨਾਲ ਚੱਲ ਰਹੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਕੁੱਝ ਕਿਸਾਨਾਂ ਦੀ ਮੌਤ ਤੱਕ ਵੀ ਚੁੱਕੀ ਹੈ,ਪਰ ਫਿਰ ਵੀ ਕਿਸਾਨ ਆਪਣੇ ਅਤੇ ਬੱਚਿਆਂ ਦੇ ਭਵਿੱਖ ਲਈ ਇਨ੍ਹਾਂ ਬਿੱਲਾਂ ਨੂੰ ਰੱਦ ਕਰਾਉਣ ਦੀ ਮੰਗ ਵਿੱਚ ਅਜੇ ਤੱਕ ਲੱਗਿਆ ਹੋਇਆ ਹੈ।
ਕਿਸਾਨਾਂ ਦੀ ਦਿੱਲੀ ਵਿੱਚ ਮਾੜੀ ਹਾਲਤ ਅਤੇ ਆਪਣੇ ਹੱਕਾਂ ਲਈ ਲੜਦਿਆਂ ਵੇਖ ਕੇ ਦੇਸ਼ਾਂ-ਵਿਦੇਸ਼ਾਂ ਤੋਂ ਉਨ੍ਹਾਂ ਦੀ ਮਦਦ ਅਤੇ ਨਾਲ ਖੜੇ ਹੋਣ ਦੇ ਨਾਅਰੇ ਗੂੰਝ ਰਹੇ ਹਨ। ਕੁੱਝ ਅਜਿਹਾ ਹੀ ਮਾਹੌਲ ਦੱਖਣੀ ਅਸਟਰੇਲੀਆ ਵਿੱਚ ਅੱਜ ਵੇਖਣ ਨੂੰ ਮਿਲਿਆ। ਦੱਖਣੀ ਅਸਟਰੇਲੀਆ ‘ਚ ਵੱਸਦੇ ਪੰਜਾਬੀ ਨੌਜਵਾਨਾਂ ਨੇ ਦੱਖਣੀ ਅਸਟ੍ਰੇਲੀਆ ਦੀ ਐਡੀਲੇਡ CBD (ਸੈਂਟਰਲ ਬਿਜ਼ਨਸ ਡਿਸਟ੍ਰਿਕ) ਵਿੱਚ ਕੋਰੋਨਾ ਨਿਯਮਾਂ ਦਾ ਧਿਆਨ ਰੱਖਦਿਆਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨ ਵਿੱਚ ਲੋਕਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ। ਲੋਕਾਂ ਨੇ ਆਪਣੇ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਸਨ, ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਅਤੇ ਪੋਸਟਰਾਂ ਦੇ ਉੱਤੇ ਮੋਵਿਡ-19 ਲਿਖ ਕੇ ਮੋਦੀ ਦਾ ਵਿਰੋਧ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਕੋਰੋਨਾ ਦੀਆਂ ਪਾਬੰਦੀਆਂ ਕਰਕੇ ਤਕਰੀਬਨ 400 ਦੇ ਕਰੀਬ ਲੋਕ ਪਹੁੰਚੇ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਤੇ ਨੌਜਵਾਨ ਸ਼ਾਮਿਲ ਹੋਏ। ਇਹ ਪ੍ਰਦਰਸ਼ਨ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਸੱਦੇ ਤੋਂ ਬਿਨਾਂ ਪੰਜਾਬੀ ਨੌਜਵਾਨਾਂ ਨੇ ਆਪਸ ਵਿੱਚ ਮੀਟਿੰਗ ਕਰਕੇ ਕੀਤਾ। ਲੋਕ ਕਿਸਾਨਾਂ ਦੇ ਲਈ ਫੰਡ ਵੀ ਇਕੱਠਾ ਕਰ ਰਹੇ ਹਨ। ਅੰਦੋਲਨ ਵਿੱਚ ਲੋਕਾਂ ਨੇ ਖਾਣ-ਪੀਣ ਦਾ ਸਮਾਨ ਵੀ ਖੁਦ ਇਕੱਠਾ ਕੀਤਾ।