‘ਦ ਖ਼ਾਲਸ ਬਿਊਰੋ :- ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਦੀ ਗੈਰ-ਜ਼ਰੂਰੀ ਯਾਤਰਾ ਲਈ ਪਾਬੰਦੀ ਨੂੰ 2021 ਤੱਕ ਵਧਾ ਦਿੱਤਾ ਗਿਆ ਹੈ, ਜਿਸਦੇ ਅਨੁਸਾਰ ਇਹ ਮਿਆਦ ਹੁਣ 21 ਜਨਵਰੀ, 2021 ਨੂੰ ਪੂਰੀ ਹੋਵੇਗੀ। ਜਦਕਿ ਸਾਰੀਆਂ ਜ਼ਰੂਰੀ ਯਾਤਰਾਵਾਂ ਜਿਵੇਂ ਕਿ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਆਦਿ ਆਮ ਵਾਂਗ ਜਾਰੀ ਰਹਿਣਗੀਆਂ।
ਕੈਨੇਡੀਅਨ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਮੰਤਰੀ ਬਿਲ ਬਲੇਅਰ ਦੁਆਰਾ ਇੱਕ ਟਵੀਟ ਵਿੱਚ ਇਸ ਪਾਬੰਦੀ ਦੇ ਸਮੇਂ ਨੂੰ ਵਧਾਉਣ ਦੇ ਐਲਾਨ ਕਰਨ ਤੋਂ ਪਹਿਲਾਂ ਸਰਹੱਦ ਬੰਦ ਦੀ ਇਸ ਪਾਬੰਦੀ ਨੂੰ 21 ਦਸੰਬਰ ਤੱਕ ਖਤਮ ਹੋਣ ਲਈ ਤੈਅ ਕੀਤਾ ਗਿਆ ਸੀ। ਇਸਦੇ ਇਲਾਵਾ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਕਾਰਜਕਾਰੀ ਸਕੱਤਰ ਚਾਡ ਵੁਲਫ ਅਨੁਸਾਰ ਵੀ ਸਰਹੱਦ ਦੇ ਅਮਰੀਕੀ ਪੱਖ ਤੋਂ ਸੁਰੱਖਿਆ ਲਈ ਮੈਕਸੀਕੋ ਦੇ ਨਾਲ ਸੰਯੁਕਤ ਰਾਜ ਦੀ ਸਰਹੱਦ ਦੀ ਸੀਮਾ ਦੀ ਮਿਆਦ ਵੀ ਬੰਦ ਰੱਖਣ ਲਈ 21 ਜਨਵਰੀ ਤੱਕ ਵਧਾਈ ਜਾਵੇਗੀ।
ਅਮਰੀਕਾ ਅਤੇ ਕੈਨੇਡਾ ਪਹਿਲਾਂ 21 ਮਾਰਚ ਤੋਂ ਸਰਹੱਦ ਨੂੰ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਮੰਤਵ ਨਾਲ ਗੈਰ-ਜ਼ਰੂਰੀ ਯਾਤਰਾ ਬੰਦ ਕਰਨ ‘ਤੇ ਸਹਿਮਤ ਹੋਏ ਸਨ ਅਤੇ ਇਸ ਪਾਬੰਦੀ ਨੂੰ ਹਰ ਮਹੀਨੇ ਵਧਾਇਆ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਹਫਤੇ ਦੇ ਅਰੰਭ ਵਿੱਚ ਅਸੈਂਬਲੀ ਆਫ ਫਸਟ ਨੇਸ਼ਨਜ਼ ਦੀ ਇੱਕ ਵਰਚੁਅਲ ਬੈਠਕ ਵਿੱਚ ਸਰਹੱਦ ਨੂੰ ਖੋਲ੍ਹਣ ਦੀ ਕੋਈ ਯੋਜਨਾ ਨਾ ਹੋਣ ਬਾਰੇ ਵਿਚਾਰ ਪ੍ਰਗਟ ਕੀਤੇ ਸਨ।