The Khalas Tv Blog India ਸੰਯੁਕਤ ਅਰਬ ਅਮੀਰਾਤ ਨੇ ਲਾਗੂ ਕੀਤੇ ਨਵੇਂ ਵੀਜ਼ਾ ਨਿਯਮ,ਹੋਵੇਗਾ ਵੱਡਾ ਅਸਰ
India Punjab

ਸੰਯੁਕਤ ਅਰਬ ਅਮੀਰਾਤ ਨੇ ਲਾਗੂ ਕੀਤੇ ਨਵੇਂ ਵੀਜ਼ਾ ਨਿਯਮ,ਹੋਵੇਗਾ ਵੱਡਾ ਅਸਰ

ਦੁਬਈ : ਰੋਜ਼ੀ ਰੋਟੀ ਕਮਾਉਣ ਤੇ ਪ੍ਰਵਾਸ ਲਈ ਹਮੇਸ਼ਾ ਤੋਂ ਪੰਜਾਬੀਆਂ ਦੇ ਮਨਪਸੰਦ ਸ਼ਹਿਰ ਰਹੇ  ਦੁਬਈ ਵਾਲੇ ਦੇਸ਼ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਕੁੱਝ ਤਬਦੀਲੀ ਕੀਤੀ ਹੈ। ਕੁੱਝ ਨਵੇਂ ਨਿਯਮ ਇਸ ਸਬੰਧ ਵਿੱਚ ਲਾਗੂ ਕੀਤੇ ਜਾਣ ਦਾ ਐਲਾਨ ਪਿਛਲੇ ਦਿਨੀਂ ਕੀਤਾ ਗਿਆ ਸੀ। ਇਹ ਨਵੇਂ ਨਿਯਮ 3 ਅਕਤੂਬਰ ਤੋਂ ਲਾਗੂ ਹੋ ਗਏ ਹਨ।

ਹੁਣ ਲਾਗੂ ਹੋਏ ਨਿਯਮਾਂ ਦੇ ਤਹਿਤ ਇਥੇ ਘੁੰਮਣ ਆਏ ਸੈਲਾਨੀਆਂ ਲਈ ਵੱਧ ਮਿਆਦ ਵਾਲੇ ਵੀਜ਼ੇ ਤੇ ਪੇਸ਼ੇਵਰ ਵਿਅਕਤੀਆਂ ਨੂੰ ਲੰਬੇ ਸਮੇਂ ਤੱਕ ਇੱਥੇ ਰਹਿਣ ਦੇਣ ਦੀ ਸਹੂਲਤ ਦੇਣਾ ਸ਼ਾਮਿਲ ਹੈ। ਇਸ ਤੋਂ ਇਲਾਵਾ 10 ਸਾਲ ਲਈ ਗੋਲਡਨ ਵੀਜ਼ਾ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਨਿਵੇਸ਼ਕਾਂ ਤੇ ਪੇਸ਼ੇਵਰਾਂ ਲਈ ਇਹ ਵੀਜ਼ਾ ਸ਼ੁਰੂ ਕੀਤਾ ਗਿਆ ਹੈ ।

ਬਦਲੇ ਗਏ ਇਹਨਾਂ ਨਿਯਮਾਂ ਦਾ ਭਾਰਤ ਤੇ ਖਾਸ ਤੋਰ ਤੇ ਕੇਰਲ ਤੇ ਪੰਜਾਬ ਦੇ ਲੋਕਾਂ ਤੇ ਕਾਫੀ ਅਸਰ ਹੋਣਾ ਹੈ ਕਿਉਂਕਿ ਤਕਰੀਬਨ 34 ਲੱਖ ਭਾਰਤੀ ਉਥੇ ਰਹਿ ਰਹੇ ਹਨ ਤੇ ਇਹਨਾਂ ਵਿੱਚ ਪੰਜਾਬੀਆਂ ਤੇ ਕੇਰਲ ਦੇ ਲੋਕਾਂ ਦੀ ਕਾਫੀ ਗਿਣਤੀ ਹੈ।ਸੰਯੁਕਤ ਅਰਬ ਅਮੀਰਾਤ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵਧੇਰੇ ਯਾਤਰੀਆਂ,ਪੇਸ਼ੇਵਰਾਂ ਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇਹ ਨਿਯਮ ਬਦਲੇ ਗਏ ਹਨ।

ਗ੍ਰੀਨ ਵੀਜ਼ਾ

ਗਰੀਨ ਵੀਜ਼ਾ ਦੇ ਆਧਾਰ ‘ਤੇ ਪ੍ਰਵਾਸੀ ਪੰਜ ਸਾਲ ਤੱਕ ਉੱਥੇ ਰਹਿ ਸਕਦੇ ਹਨ। ਇਸ ਨੂੰ ਰੀਨਿਊ ਵੀ ਕਰਵਾਇਆ ਜਾ ਸਕਦਾ ਹੈ। ਇਸ ਵੀਜ਼ੇ ਲਈ ਇੱਥੇ ਆਉਣ ਵਾਲੇ ਲੋਕਾਂ ਨੂੰ ਯੂਏਈ ਦੇ ਨਾਗਰਿਕਾਂ ਤੇ ਰੁਜ਼ਗਾਰਦਾਤਾ ਦੀ ਸਪਾਂਸਰਸ਼ੀਪ ਦੀ ਲੋੜ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਫ੍ਰੀਲਾਂਸਰ, ਸਵੈ-ਰੁਜ਼ਗਾਰ, ਹੁਨਰਮੰਦ ਕਾਮੇ, ਨਿਵੇਸ਼ਕ ਜਾਂ ਉਨ੍ਹਾਂ ਦੇ ਭਾਈਵਾਲ ਇਸ ਵੀਜ਼ੇ ਦੇ ਹੱਕਦਾਰ ਹੋਣਗੇ। ਤੇ ਇਸ ਵੀਜ਼ੇ ਦੇ ਅਧੀਨ ਉਹਨਾਂ ਨੂੰ ਆਪਣੀ ਪਤਨੀ ਜਾਂ ਪਤੀ, ਬੱਚਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਰੱਖਣ ਦਾ ਵੀ ਮੌਕਾ ਮਿਲੇਗਾ।
ਸਿਰਫ ਇੰਨਾਂ ਹੀ ਨਹੀਂ, ਉੱਥੇ ਰਹਿਣ ਵਾਲੇ ਮਾਪੇ 25 ਸਾਲ ਦੀ ਉਮਰ ਤੱਕ ਦੇ ਆਪਣੇ ਬੱਚਿਆਂ ਨੂੰ ਨਾਲ ਰੱਖ ਸਕਣਗੇ। ਜਦੋਂ ਕਿ ਪਹਿਲਾਂ ਇਹ ਉਮਰ 18 ਸਾਲ ਤੱਕ ਸੀ।

10 ਸਾਲ ਦਾ ਗੋਲਡਨ ਵੀਜ਼ਾ

ਯੂਏਈ ਵਿੱਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਉੱਦਮੀਆਂ, ਖੋਜਕਰਤਾਵਾਂ, ਮੈਡੀਕਲ ਪੇਸ਼ੇਵਰਾਂ, ਵਿਗਿਆਨ ਅਤੇ ਸਬੰਧਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਾਹਰਾਂ ਅਤੇ ਉੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਨੂੰ ਗੋਲਡਨ ਵੀਜ਼ੇ ਦੀ ਸਹੁਲਤ ਦਿੱਤੀ ਗਈ ਹੈ। ਜਿਸ ਦੇ ਤਹਿਤ ਦਿੱਤੇ ਗਏ ਵੀਜ਼ੇ ਦੀ ਮਿਆਦ ਦਸ ਸਾਲ ਤੱਕ ਹੋਵੇਗੀ ਤੇ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ।

ਇਸ ਤੋਂ ਪਹਿਲਾਂ ਛੇ ਮਹੀਨਿਆਂ ਲਈ ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਦਾ ਉੱਥੇ ਰਹਿਣ ਦਾ ਅਧਿਕਾਰ ਖ਼ਤਮ ਕਰ ਦਿੱਤੇ ਜਾਣ ਦੀ ਸ਼ਕਤ ਲਾਗੂ ਸੀ ਪਰ ਹੁਣ ਗੋਲਡਨ ਵੀਜ਼ਾ ਸਕੀਮ ਦੇ ਤਹਿਤ ਇਸ ਪਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਸ ਸਕੀਮ ਤਹਿਤ ਪ੍ਰਵਾਸੀ ਦੇ ਸਹਾਇਕਾਂ ਦੀ ਗਿਣਤੀ ਵੀ ਵੱਧਾ ਸਕਣਗੇ ‘ਤੇ ਆਪਣੇ ਜੀਵਨ ਸਾਥੀ ਅਤੇ ਕਿਸੇ ਵੀ ਉਮਰ ਦੇ ਬੱਚਿਆਂ ਨੂੰ ਸਪਾਂਸਰ ਕਰ ਸਕਦੇ ਹਨ।
ਗੋਲਡਨ ਵੀਜ਼ਾ ਤਹਿਤ ਸਾਇੰਸ-ਇੰਜੀਨੀਅਰਿੰਗ, ਮੈਡੀਸਨ, ਆਈਟੀ, ਵਪਾਰ, ਪ੍ਰਸ਼ਾਸਨ ਅਤੇ ਸਿੱਖਿਆ ਨਾਲ ਸਬੰਧਤ ਹੁਨਰਮੰਦ ਪੇਸ਼ੇਵਰਾਂ ਨੂੰ ਯੂਏਈ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਸੈਲਾਨੀਆਂ ਅਤੇ ਹੋਰਨਾਂ ਲੋਕਾਂ ਲਈ ਵੀਜ਼ਾ ਪਾਲਿਸੀ

ਟੂਰਿਸਟ ਵੀਜ਼ੇ ‘ਤੇ ਯੂਏਈ ਜਾਣ ਵਾਲੇ ਲੋਕ ਪਹਿਲਾਂ ਸਿਰਫ਼ 30 ਦਿਨ ਦੀ ਹੀ ਰਹਿ ਸਕਦੇ ਸੀ ਪਰ ਹੁਣ ਨਵੇਂ ਕਾਨੂੰਨਾਂ ਦੇ ਤਹਿਤ ਉਥੇ 60 ਦਿਨ ਹੋਰ ਰਿਹਾ ਜਾ ਸਕਦਾ ਹੈ ਜੇਕਰ ਤੁਹਾਡੇ ਕੋਲ ਟੂਰਿਸਟ ਵੀਜਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਮਲਟੀ-ਐਂਟਰੀ ਟੂਰਿਸਟ ਵੀਜ਼ਾ ਸਕੀਮ ਵੀ ਸ਼ੁਰੂ ਕੀਤੀ ਗਈ ਹੈ । ਜਿਸ ਅਧੀਨ ਸੈਲਾਨੀ 90 ਦਿਨਾਂ ਤੱਕ ਉੱਥੇ ਰਹਿ ਸਕਦਾ ਹੈ ਅਤੇ ਇਸ ਦੌਰਾਨ ਕਈ ਵਾਰ ਆ ਜਾ ਸਕਦਾ ਹੈ।

ਯੂਏਈ ਹਮੇਸ਼ਾ ਤੋਂ ਸੈਲਾਨੀਆਂ ਲਈ ਇੱਕ ਵੱਡਾ ਆਕਰਸ਼ਨ ਰਿਹਾ ਹੈ ਤੇ ਹਰ ਸਾਲ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਖਰੀਦਦਾਰੀ ਕਰਨ ਲਈ ਯੂਏਈ ਦਾ ਦੁਬਈ ਸ਼ਹਿਰ ਇੱਕ ਵੱਡਾ ਕੇਂਦਰ ਹੈ ,ਜਿਥੇ ਹਰ ਸਾਲ ਅੰਤਰਰਾਸ਼ਟਰੀ ਸੈਲਾਨੀ ਵੱਡੀ ਸੰਖਿਆ ਵਿੱਚ ਆਉਂਦੇ ਹਨ ਤੇ ਖਰੀਦਦਾਰੀ ਕਰਦੇ ਹਨ।

ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਵੀਜ਼ਾ ਨੀਤੀ ਤਹਿਤ ਇਥੇ ਆਉਣ ਵਾਲੇ ਸੈਲਾਨੀਆਂ ਤੇ ਪੇਸ਼ੇਵਰਾਂ ਦੀ ਗਿਣਤੀ ‘ਤੇ ਵੱਡਾ ਅਸਰ ਪਵੇਗਾ।

Exit mobile version