International Religion

ਅਫਗਾਨਿਸਤਾਨ ‘ਚ ਗੁਰੂ ਘਰ ਨੇੜੇ ਫਿਰ ਹੋਇਆ ਹਮਲਾ

‘ਦ ਖ਼ਾਲਸ ਬਿਊਰੋ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਅੱਜ ਸਵੇਰੇ ਮੁੜ ਗੁਰਦੁਆਰਾ ਕਰਤੇ ਪਰਵਾਨ ਨੇੜੇ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ। ਟਵਿੱਟਰ ਉੱਤੇ ਇੱਕ ਅਫ਼ਗਾਨੀ ਪੱਤਰਕਾਰ ਵੱਲੋਂ ਇੱਕ ਤਸਵੀਰ ਸਾਂਝੀ ਕਰਦਿਆਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਜੂਨ ਮਹੀਨੇ ਵਿੱਚ ਵੀ ਗੁਰਦੁਆਰੇ ਵਿੱਚ ਕਈ ਧਮਾਕੇ ਹੋਏ ਸਨ। ਇਸ ਹਮਲੇ ‘ਚ ਗਾਰਡ ਸਮੇਤ ਦੋ ਅਫਗਾਨ ਨਾਗਰਿਕ ਮਾਰੇ ਗਏ ਸਨ। ਅਫ਼ਗਾਨਿਸਤਾਨ ਵਿੱਚ ਹੁਣ ਲਗਭਗ 100 ਸਿੱਖ ਰਹਿ ਗਏ ਹਨ, ਜ਼ਿਆਦਾਤਰ ਪੂਰਬੀ ਸ਼ਹਿਰ ਜਲਾਲਾਬਾਦ ਅਤੇ ਰਾਜਧਾਨੀ ਕਾਬੁਲ ਵਿੱਚ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਖੁਰਾਸਾਨ ਸੂਬੇ ਵਿਚ ਇਸਲਾਮਿਕ ਸਟੇਟ ਦੇ ਨਾਂ ਨਾਲ ਜਾਣੇ ਜਾਂਦੇ ਅੱਤਵਾਦੀ ਸਮੂਹ ਨੇ ਦੇਸ਼ ਭਰ ਵਿਚ ਮਸਜਿਦਾਂ ਅਤੇ ਘੱਟ ਗਿਣਤੀਆਂ ‘ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਮਾਰਚ 2020 ਵਿੱਚ ਕਾਬੁਲ ਵਿੱਚ ਇੱਕ ਵੱਡੇ ਗੁਰਦੁਆਰੇ ਵਿੱਚ ਇੱਕ ਭਾਰੀ ਹਥਿਆਰਬੰਦ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ ਸੀ, ਜਿਸ ਵਿੱਚ ਘੱਟੋ-ਘੱਟ 25 ਲੋਕ ਮਾਰੇ ਗਏ ਸਨ ਅਤੇ 8 ਹੋਰ ਜ਼ਖਮੀ ਹੋ ਗਏ ਸਨ। ਇਹ ਦੇਸ਼ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਉੱਤੇ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਸੀ। ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਸ਼ੋਰ ਬਾਜ਼ਾਰ ਇਲਾਕੇ ‘ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਇਸ ਤੋਂ ਪਹਿਲਾਂ 30 ਸਤੰਬਰ ਨੂੰ ਕਾਬੁਲ ‘ਚ ਇਕ ਵਿੱਦਿਅਕ ਅਦਾਰੇ ‘ਤੇ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ ਸੀ, ਜਿਸ ‘ਚ ਘੱਟੋ-ਘੱਟ 19 ਲੋਕ ਮਾਰੇ ਗਏ ਸਨ। ਹਾਲਾਂਕਿ, ਇੱਕ ਅਫਗਾਨ ਪੱਤਰਕਾਰ ਬਿਲਾਲ ਸਰਵਰੀ ਨੇ ਦਾਅਵਾ ਕੀਤਾ ਸੀ ਕਿ ਹਮਲੇ ਵਿੱਚ 100 ਵਿਦਿਆਰਥੀ ਮਾਰੇ ਗਏ ਸਨ। ਸਰਵਰੀ ਦਾ ਕਹਿਣਾ ਸੀ ਕਿ ਤਾਲਿਬਾਨ ਨੇ ਹਸਪਤਾਲ ਦੇ ਮਾਲਕ ਨੂੰ ਮੀਡੀਆ ਨੂੰ ਕੋਈ ਵੀ ਜਾਣਕਾਰੀ ਲੀਕ ਨਾ ਕਰਨ ਦੀ ਧਮਕੀ ਦਿੱਤੀ ਹੈ। ਇਹ ਹਮਲਾ ਸ਼ੀਆ ਮੁਸਲਮਾਨ; ਖਾਸ ਕਰਕੇ ਅਫਗਾਨਿਸਤਾਨ ਦੇ ਹਜ਼ਾਰਾ ਭਾਈਚਾਰੇ ‘ਤੇ ਕੀਤਾ ਗਿਆ ਸੀ।