ਚੰਡੀਗੜ੍ਹ : ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਉਨ੍ਹਾਂ ਦੀ ਫ਼ਿਲਮ ‘ਪੰਜਾਬ 95’ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਪੰਜਾਬੀ ਗਾਇਕ-ਅਦਾਕਾਰ ਨੇ ਆਖ਼ਿਰਕਾਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਲੱਗਦਾ ਹੈ ਕਿ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।
‘ਪੰਜਾਬ 95’ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ, ਜਿਸ ਨੂੰ ਲੈ ਕੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਫ਼ਿਲਮ ਦੀ ਰਿਲੀਜ਼ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।
ਇਸੇ ਦੌਰਾਨ ਦਿਲਜੀਤ ਦੋਸਾਂਝ ਦੀ ਪ੍ਰਤੀਕਿਰਿਆ ਦਿੱਤੀ ਹੈ। ਆਪਣੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਅੱਜ ਨਹੀਂ ਤੇ ਕੱਲ੍ਹ ਸੱਚ ਸਾਹਮਣੇ ਆਵੇਗਾ। ਸੱਚ ਨੂੰ ਕੋਈ ਰੋਕ ਨਹੀਂ ਸਕਦਾ। ਬਾਬਾ ਕਿਰਪਾ ਕਰੇਗਾ। ਮੈਨੂੰ ਪੂਰਾ ਯਕੀਨ ਹੈ ਕਿ ਕੋਈ ਰਾਹ ਨਿਕਲੇਗਾ ਤੇ ਇਹ ਕਹਾਣੀ ਲੋਕਾਂ ਸਾਹਮਣੇ ਆਵੇਗੀ।
ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ
ਫਿਲਮ ‘Punjab 95’ ਦਾ ਡਾਇਰੈਕਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ । ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ । ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਸਨ । ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਨ੍ਹਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਉਂਟਰ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25 ਹਜ਼ਾਰ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਇੱਥੋਂ ਤੱਕ ਪੁਲਿਸ ਨੇ ਆਪਣੇ ਵੀ 2000 ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਜੋ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੇ ਸਨ।
ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ, ਆਖਿਰੀ ਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ। ਦਿਲਜੀਤ ਫਿਲਮ ਪੰਜਾਬ 95 ਵਿੱਚ ਜਸਵੰਤ ਸਿੰਘ ਖਾਲੜਾ ਦਾ ਰੋਲ ਹੀ ਅਦਾ ਕਰ ਰਹੇ ਹਨ ।