Punjab

ਟਰੱਕ ਨੇ ਦਰੜ ਦਿੱਤੇ ਪਤੀ ਪਤਨੀ, ਧਾਰਮਿਕ ਸਥਾਨ ‘ਤੇ ਜਾ ਰਹੇ ਸਨ ਦੋਵੇਂ…

The truck hit the husband and wife, both were going to a religious place

ਮੁੱਲਾਂਪੁਰ ਦਾਖਾ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਭੱਠਾਧੂਹਾ ਲਾਗੇ ਲੁਧਿਆਣਾ-ਸਿੱਧਵਾ ਬੇਟ ਰੋਡ ’ਤੇ ਜੰਮੂ ਕੱਟੜਾ ਹਾਈਵੇ ਦੇ ਨਿਰਮਾਣ ਅਧੀਨ ਪੁਲ ਥੱਲੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਟਰੱਕ ਡ੍ਰਾਈਵਰ ਨੇ ਧਾਰਮਿਕ ਸਥਾਨ ਤੇ ਜਾ ਰਹੇ ਬੁਲਟ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਗ਼ਲਤ ਸਾਈਡ ਜਾ ਕੇ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਦਸੇ ‘ਚ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਟਰੱਕ ਡ੍ਰਾਈਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ।

ਮ੍ਰਿਤਕ ਪਤੀ-ਪਤਨੀ ਦੀ ਪਛਾਣ ਲਾਗਲੇ ਪਿੰਡ ਚੰਗਣ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ ਪੱਪੂ (34) ਅਤੇ ਮਨਦੀਪ ਕੌਰ (32) ਵਜੋਂ ਹੋਈ। ਮ੍ਰਿਤਕ ਆਪਣੇ ਪਿੱਛੇ ਬਜੁਰਗ ਮਾਤਾ ਤੇ ਨਿੱਕੇ-ਨਿੱਕੇ ਪੁੱਤ-ਧੀ ਛੱਡ ਗਏ ਹਨ। ਇਲਾਕੇ ਦੇ ਲੋਕਾਂ ਨੇ ਟਰੱਕ ਡ੍ਰਾਈਵਰ ਤੇ ਗੱਡੀ ਦੇ ਮਾਲਕ ਖਿਲਾਫ ਬਣਦੀ ਕਾਰਵਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਹਾਦਸੇ ਲਈ ਦੋਸ਼ੀ ਟਰੱਕ ਡ੍ਰਾਈਵਰ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਕ ਧਾਰਮਿਕ ਸਥਾਨ ’ਤੇ ਜਾ ਰਹੇ ਸਨ। ਉਸਦਾ ਛੋਟਾ ਭਾਈ ਪ੍ਰਦੀਪ ਸਿੰਘ ਤੇ ਉਸਦੀ ਪਤਨੀ ਆਪਣੇ ਬੁਲਟ ਮੋਟਸਾਈਕਲ PB 10 HP 1617 ’ਤੇ ਸਵਾਰ ਸਨ ਜਦੋਂ ਕਿ ਉਹ ਤੇ ਬੱਚੇ ਆਪਣੀ ਕਾਰ ਵਿੱਚ ਜਾ ਰਹੇ ਸਨ। ਉਸਦਾ ਭਰਾ-ਭਰਜਾਈ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਓਵਰ ਸਪੀਡ ਇੱਕ ਟਰੱਕ ਨੰਬਰ PB 12 B 1021 ਵੱਲੋਂ ਗਲਤ ਸਾਈਡ ਤੋਂ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਭਰਾ-ਭਰਜਾਈ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ।

ਘਟਨਾ ਸਥਾਨ ਤੇ ਮੌਜੂਦ ਲੋਕਾਂ ਵੱਲੋ ਟਰੱਕ ਚਾਲਕ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਜਿਹੜਾ ਕਿ ਸ਼ਰਾਬ ਦੇ ਨਸੇ ਵਿੱਚ ਪੂਰਾ ਧੁੱਤ ਸੀ ਜਿਸਦੀ ਪਛਾਣ ਸੂਰਤ ਸਿੰਘ ਵਾਸੀ ਪੁੜੈਣ ਵਜੋਂ ਦੱਸੀ ਜਾ ਰਹੀ ਹੈ। ਟਰੱਕ ਵੀ ਕਿਸੇ ਮੁੱਲਾਂਪਰ ਦੇ ਉੱਘੇ ਸ਼ੈੱਲਰ ਵਪਾਰੀ ਦਾ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ਤੇ ਪੁੱਜੇ ਪੁਲਿਸ ਥਾਣਾ ਦਾਖਾ ਦੇ SHO ਜਸਵੀਰ ਸਿੰਘ ਤੂਰ ਦੀ ਪੁਲਿਸ ਪਾਰਟੀ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈਂਦਿਆਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਟਰੱਕ ਡ੍ਰਾਈਵਰ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।