ਚੰਡੀਗੜ੍ਹ : ਪੰਜਾਬ,ਹਰਿਆਣਾ ਤੇ ਦੇਸ਼ ਦੇ ਹੋਰ ਉੱਤਰੀ ਹਿੱਸਿਆਂ ਵਿੱਚ ਦਿਨ ਵੇਲੇ ਤਾਪਮਾਨ ਵੱਧਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਤੇ ਉਪਰੋਕਤ ਦੋਵੇਂ ਸੂਬਿਆਂ ਦੇ ਕਈ ਹਿਸਿਆਂ ਵਿੱਚ ਸੰਘਣੀ ਧੁੰਦ ਪਈ।
ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਅਤੇ ਅੰਮ੍ਰਿਤਸਰ ਵਿੱਚ 11.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਪਟਿਆਲਾ ’ਚ ਘੱਟੋ-ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਅਤੇ ਪਠਾਨਕੋਟ ਵਿੱਚ 11.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੰਜ ਹੀ ਬਠਿੰਡਾ ਵਿੱਚ ਘੱਟੋ-ਘੱਟ 5.6 ਡਿਗਰੀ ਸੈਲਸੀਅਸ ਜੋ ਆਮ ਨਾਲੋਂ ਤਿੰਨ ਦਰਜੇ ਘੱਟ ਹੈ, ਰਿਕਾਰਡ ਕੀਤਾ ਗਿਆ। ਫਰੀਦਕੋਟ ’ਚ 10.4 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ਵਿੱਚ 8 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 11.8 ਡਿਗਰੀ ਰਿਕਾਰਡ ਹੋਇਆ ਹੈ। ਦੂਜੇ ਪਾਸੇ ਹਰਿਆਣਾ ਦੇ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜੋ ਆਮ ਨਾਲੋਂ ਤਿੰਨ ਦਰਜੇ ਉੱਤੇ ਸੀ। ਇੰਜ ਹੀ ਹਿਸਾਰ ’ਚ 9.8 ਡਿਗਰੀ, ਕਰਨਾਲ ’ਚ 10.1 ਡਿਗਰੀ, ਨਾਰਨੌਲ ’ਚ 11.5 ਡਿਗਰੀ, ਰੋਹਤਕ ’ਚ 11.6 ਡਿਗਰੀ, ਭਿਵਾਨੀ ’ਚ 12.2 ਡਿਗਰੀ ਅਤੇ ਸਿਰਸਾ ’ਚ 9.4 ਡਿਗਰੀ ਦਰਜ ਕੀਤਾ ਗਿਆ ਹੈ।
ਉਧਰ ਮੌਸਮ ਵਿਭਾਗ ਅਨੁਸਾਰ ਸ਼ਿਮਲਾ ਵਿੱਚ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਤੱਕ ਚਲਾ ਗਿਆ ਹੈ ਜੋ ਆਮ ਨਾਲੋਂ 11.4 ਡਿਗਰੀ ਜਿਆਦਾ ਹੈ। ਲਾਹੌਲ ਸਪਿਤੀ ਵਿੱਚ ਭਾਰੀ ਬਰਫਬਾਰੀ ਕਾਰਨ 128 ਸੜਕਾਂ ਬੰਦ ਪਈਆਂ ਹਨ। ਹਾਲਾਂਕਿ ਮੌਸਮ ਵਿਭਾਗ ਨੇ ਉਚੀਆਂ ਪਹਾੜੀਆਂ ’ਤੇ ਅਗਲੇ ਤਿੰਨ ਦਿਨ 21 ਫਰਵਰੀ ਤੱਕ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ।
ਇਸ ਤੋਂ ਇਲਾਵਾ ਜੰਮੂ ਤੇ ਕਸ਼ਮੀਰ ਵਿੱਚ ਵੀ ਅਗਲੇ 24 ਘੰਟਿਆਂ ਦੌਰਾਨ ਵੀ ਬੱਦਲਵਾਈ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।