ਬਾਲੀਵੁੱਡ ਫਿਲਮ ‘ਬਾਰਡਰ 2’ ਦਾ ਪਹਿਲਾ ਟੀਜ਼ਰ 15 ਅਗਸਤ 2025 ਨੂੰ ਰਿਲੀਜ਼ ਹੋਣ ਲਈ ਤਿਆਰ ਹੈ, ਜਿਸ ਨੂੰ ਸੈਂਸਰ ਬੋਰਡ (CBFC) ਨੇ U/A 16+ ਸਰਟੀਫਿਕੇਟ ਦੇ ਕੇ ਮਨਜ਼ੂਰੀ ਦਿੱਤੀ ਹੈ। 1997 ਦੀ ਬਲਾਕਬਸਟਰ ਫਿਲਮ ‘ਬਾਰਡਰ’ ਦਾ ਸੀਕਵਲ, ਇਹ ਫਿਲਮ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ, ਅਹਾਨ ਸ਼ੈਟੀ ਅਤੇ ਮੇਧਾ ਰਾਣਾ ਨਾਲ ਸਜੀ ਹੈ। 1 ਮਿੰਟ 10 ਸਕਿੰਟ ਦਾ ਇਹ ਟੀਜ਼ਰ, ਜਿਸ ਨੂੰ ‘ਡੇਟ ਅਨਾਊਂਸਮੈਂਟ ਟੀਜ਼ਰ ਨੰਬਰ 1’ ਨਾਮ ਦਿੱਤਾ ਗਿਆ, 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਪਿਛੋਕੜ ‘ਤੇ ਆਧਾਰਿਤ ਹੈ।
ਇਸ ਵਿੱਚ ਦੇਸ਼ ਭਗਤੀ, ਭਾਰਤ-ਪਾਕਿ ਤਣਾਅ ਅਤੇ ਸੰਨੀ ਦਿਓਲ ਦੇ ਮੇਜਰ ਕੁਲਦੀਪ ਸਿੰਘ ਦੇ ਕਿਰਦਾਰ ਦੀ ਝਲਕ ਦਿਖਾਈ ਜਾਵੇਗੀ। ਫਿਲਮ ਦੀ ਰਿਲੀਜ਼ ਮਿਤੀ 23 ਜਨਵਰੀ 2026, ਗਣਤੰਤਰ ਦਿਵਸ ਦੇ ਹਫਤੇ ਵਿੱਚ ਤੈਅ ਕੀਤੀ ਗਈ ਹੈ। ਟੀਜ਼ਰ ਨੂੰ ਸਿਨੇਮਾਘਰਾਂ ਵਿੱਚ ਰਿਤਿਕ ਰੋਸ਼ਨ ਅਤੇ ਜੂਨੀਅਰ ਐਨਟੀਆਰ ਦੀ ‘ਵਾਰ 2’ ਦੇ ਨਾਲ ਦਿਖਾਇਆ ਜਾਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾਵਾਂ ਨੇ ਮਲਟੀਪਲੈਕਸਾਂ ਨਾਲ ਸਮਝੌਤਾ ਕੀਤਾ ਹੈ ਕਿ ਇਹ ਟੀਜ਼ਰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ‘ਵਾਰ 2’ ਦੇ ਸ਼ੋਅ ਨਾਲ ਜੋੜਿਆ ਜਾਵੇ।
ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿਧੀ ਦੱਤਾ ਪ੍ਰੋਡਿਊਸ ਕਰ ਰਹੇ ਹਨ। ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮ ‘ਸਰਦਾਰ ਜੀ-3’ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਦੀ ਮੌਜੂਦਗੀ ਕਾਰਨ ਵਿਵਾਦ ਖੜ੍ਹਾ ਹੋਇਆ ਸੀ। ਇਸ ਕਾਰਨ ਭਾਰਤ ਵਿੱਚ ਫਿਲਮ ਦੀ ਰਿਲੀਜ਼ ਰੋਕੀ ਗਈ ਅਤੇ FWICE ਸਮੇਤ ਕਈ ਸੰਗਠਨਾਂ ਨੇ ਦਿਲਜੀਤ ਨੂੰ ‘ਬਾਰਡਰ 2’ ਤੋਂ ਹਟਾਉਣ ਦੀ ਮੰਗ ਕੀਤੀ।
ਸੋਸ਼ਲ ਮੀਡੀਆ ‘ਤੇ ‘ਬਾਈਕਾਟ ਦਿਲਜੀਤ’ ਦਾ ਰੁਝਾਨ ਸ਼ੁਰੂ ਹੋਇਆ ਅਤੇ ਕੁਝ ਲੋਕਾਂ ਨੇ ਉਸ ਨੂੰ “ਨਕਲੀ ਗਾਇਕ” ਕਹਿ ਕੇ ਟਰੋਲ ਕੀਤਾ। ਹਾਲਾਂਕਿ, ਦਿਲਜੀਤ ਦੇ ਪ੍ਰਸ਼ੰਸਕਾਂ ਨੇ ਇਸ ਵਿਰੋਧ ਦਾ ਜਵਾਬ ਦਿੱਤਾ ਅਤੇ ਅੰਤ ਵਿੱਚ ਉਹ ਫਿਲਮ ਵਿੱਚ ਬਰਕਰਾਰ ਰਹੇ।