The Khalas Tv Blog Punjab ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਦੌਰੇ ‘ਤੇ
Punjab

ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਦੌਰੇ ‘ਤੇ

ਚੰਡੀਗੜ੍ਹ : ਪੰਜਾਬ ਵਿੱਚ ਆਏ ਝੱਖੜ ਤੇ ਮੀਂਹ-ਹਨੇਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਅੱਜ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਦੌਰੇ ‘ਤੇ ਹਨ।  ਇਹ ਟੀਮਾਂ ਕੱਲ ਚੰਡੀਗੜ੍ਹ ਪਹੁੰਚੀਆਂ ਸਨ ਤੇ  ਇਹਨਾਂ ਦਾ ਸੂਬਾਈ ਅਫ਼ਸਰਾਂ ਦੇ ਨਾਲ ਸਾਂਝਾ ਦੌਰਾ ਹੈ।

ਇਸ ਵਾਰ ਪੰਜਾਬ ਵਿੱਚ ਪਏ ਮੀਂਹਾਂ ਕਾਰਨ ਕਣਕ ਲਗਭਗ ਵਿੱਛ ਗਈ ਹੈ ਤੇ ਉਸ ਦੀ ਗੁਣਵੱਤਾ ਨੂੰ ਏਨੀ ਢਾਹ ਲੱਗੀ ਹੈ ਕਿ ਫ਼ਸਲ ਦਾ ਕੇਂਦਰੀ ਮਾਪਦੰਡਾਂ ’ਤੇ ਖਰਾ ਉੱਤਰਨਾ ਮੁਸ਼ਕਲ ਹੈ। ਪੰਜਾਬ ਸਰਕਾਰ ਨੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਅਤੇ ਬਿਨਾਂ ਕਿਸੇ ਕਟੌਤੀ ਤੋਂ ਫ਼ਸਲ ਦੀ ਖ਼ਰੀਦ ਕਰਨ ਦੀ ਗੁਹਾਰ ਲਗਾਈ ਸੀ।

ਕੇਂਦਰੀ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਵੀ ਕੱਲ  ਦਿੱਲੀ ’ਚ ਬਿਆਨ ਜਾਰੀ ਕੀਤਾ ਸੀ ਕਿ ਪੰਜਾਬ ਤੇ ਹਰਿਆਣਾ ’ਚ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਗੁਣਵੱਤਾ ਦੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਬਾਰੇ ਫ਼ੈਸਲਾ ਜਲਦੀ ਹੀ ਕੀਤਾ ਜਾਵੇਗਾ।ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿਸ ਨਾਲ ਇਨ੍ਹਾਂ ਦੋਵਾਂ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਅੰਦਾਜ਼ਾ  ਹੈ। ਇਸ ਸੰਬੰਧ ਵਿੱਚ  ਰਿਪੋਰਟ ਪ੍ਰਾਪਤ ਹੋਣ ਮਗਰੋਂ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਬਾਰੇ ਅਗਲੇ ਹਫ਼ਤੇ ਫ਼ੈਸਲਾ ਲਿਆ ਜਾਵੇਗਾ।

ਅੱਜ ਪੰਜਾਬ ਦਾ ਦੌਰਾ ਕਰ ਰਹੀਆਂ  ਇਨ੍ਹਾਂ ਟੀਮਾਂ ਵੱਲੋਂ ਨਮੂਨੇ ਐੱਫਸੀਆਈ ਦੀ ਖੇਤਰੀ ਲੈਬਾਰਟਰੀ ਵਿਚ ਭੇਜੇ ਜਾਣਗੇ ਅਤੇ ਜਿਨ੍ਹਾਂ ਦੀ ਰਿਪੋਰਟ ਜਲਦੀ ਕੇਂਦਰੀ ਮੰਤਰਾਲੇ ਕੋਲ ਭੇਜੀ ਜਾਵੇਗੀ।

ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਪਰਸੋਂ ਹੀ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਪੱਤਰ ਭੇਜ ਕੇ ਪੰਜਾਬ ਵਿਚ ਕਣਕ ਦੀ ਪ੍ਰਭਾਵਿਤ ਫ਼ਸਲ ਅਤੇ ਕਿਸਾਨਾਂ ਦੀ ਵਿੱਤੀ ਸਥਿਤੀ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਣਕ ਦਾ ਝਾੜ ਘਟਣ ਅਤੇ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਮੁੱਦਾ ਚੁੱਕਿਆ ਹੈ। ਪੱਤਰ ’ਚ ਲਿਖਿਆ ਹੈ ਕਿ ਬਾਰਸ਼ਾਂ ਕਰਕੇ ਫ਼ਸਲ ਦੇ ਬਦਰੰਗ ਹੋਣ, ਦਾਣਿਆਂ ਦੀ ਟੁੱਟ ਅਤੇ ਲਸਟਰ ਲੌਸ ਦੀ ਵਧੇਰੇ ਸੰਭਾਵਨਾ ਹੈ। ਲਸਟਰ ਲੌਸ ਜ਼ਿਆਦਾ ਹੋਣ ਕਰਕੇ ਫ਼ਸਲ ਨੂੰ ਕੇਂਦਰੀ ਮਾਪਦੰਡਾਂ ’ਤੇ ਖ਼ਰੀਦ ਕਰਨਾ ਮੁਸ਼ਕਲ ਹੈ।

ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਨੁਕਸਾਨੀ ਫ਼ਸਲ ਦੀ ਖ਼ਰੀਦ ਦੇ ਭਾਅ ਵਿਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਾ ਕੀਤੀ ਜਾਵੇ ਅਤੇ ਕੇਂਦਰ ਪੰਜਾਬ ਦੀ ਕਿਸਾਨੀ ਨੂੰ ਪਈ ਇਸ ਕੁਦਰਤੀ ਮਾਰ ਕਰਕੇ ਮਾਮਲਾ ਹਮਦਰਦੀ ਨਾਲ ਵਿਚਾਰੇ। ਅਗਰ ਸੂਬੇ ਵਿਚ ਖ਼ਰੀਦ ਰੁਕਦੀ ਹੈ ਤਾਂ ਕਿਸਾਨਾਂ ਵਿਚ ਵੱਡੀ ਬੇਚੈਨੀ ਵੀ ਫੈਲ ਸਕਦੀ ਹੈ। ਪੰਜਾਬ ਵਿਚ 13.60 ਲੱਖ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ  ਸੂਬੇ ਵਿਚ ਇਸ ਵੇਲੇ ਗਿਰਦਾਵਰੀ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।

Exit mobile version