Punjab

ਮੁੜ ਸੜਕਾਂ ‘ਤੇ ਚੱਲਣਗੀਆਂ ਸਰਕਾਰੀ ਬੱਸਾਂ , ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਖਤਮ

ਚੰਡੀਗੜ੍ਹ : ਪੰਜਾਬ ਵਿੱਚ ਰੋਜਾਨਾ ਸਫਰ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ ਕਿ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬੱਸਾਂ ਦੀ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖਤਮ ਹੋ ਗਈ ਹੈ। ਮੁਲਾਜ਼ਮ ਮੁੜ ਕੰਮ ‘ਤੇ ਪਰਤ ਆਏ ਹਨ ਤੇ ਬੱਸ ਸਰਵਿਸ ਵੀ ਚਾਲੂ ਹੋ ਗਈ ਹੈ। ਹੁਣ ਬੱਸਾਂ ਬਕਾਇਦਾ ਰੂਟ ਉਤੇ ਰੋਜ਼ਾਨਾ ਦੀ ਤਰ੍ਹਾਂ ਚਲਣਗੀਆਂ। ਇਹ ਫੈਸਲਾ ਯੂਨੀਅਨ ਵਲੋਂ ਲਿਆ ਗਿਆ ਹੈ।

ਭਾਵੇਂ ਬੀਤੀ ਕਲ੍ਹ ਯੂਨੀਅਨ ਦੀ ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਨਾਲ ਮੀਟਿੰਗ ਬੇਸਿੱਟਾ ਰਹੀ ਸੀ ਪਰ ਉਸ ਤੋਂ ਬਾਅਦ ਦੇਰ ਰਾਤ ਹੋਈ ਮੀਟਿੰਗ ਵਿੱਚ ਸਰਕਾਰ ਵਲੋਂ ਜਿਆਦਾਤਰ ਮੰਗਾਂ ਸਵੀਕਾਰ ਕਰਨ ਤੋਂ ਮਗਰੋਂ ਇਹ ਨਵਾਂ ਫੈਸਲਾ ਲਿਆ ਗਿਆ ਹੈ ।

ਜਥੇਬੰਦੀ ਦੇ ਆਗੂਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੇ ਬਰਖ਼ਾਸਤ ਕੰਡੈਕਟਰ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜੋ ਪਿਛਲੇ ਛੇ ਦਿਨਾਂ ਤੋਂ ਬਹਾਲੀ ਲਈ ਪਾਣੀ ਵਾਲੀ ਟੈਂਕੀ ਉਤੇ ਚੜਿਆਂ ਹੋਇਆ ਸੀ ਅਤੇ ਫਿਰੋਜ਼ਪੁਰ ਡਿਪੂ ਦੇ ਬਦਲੇ ਹੋਏ ਮੁਲਾਜ਼ਮਾਂ ਵਿਚੋਂ 8 ਬਦਲੀਆਂ ਰੱਦ ਕਰ ਦਿੱਤੀਆਂ ਹਨ, ਜਦੋਂ 7 ਤਬਾਦਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਕਰਨ ਦਾ ਵਿਸ਼ਵਾਸ ਸਰਕਾਰ ਨੇ ਦਿਵਾਇਆ ਹੈ।

ਇਸ ਤੋਂ ਇਲਾਵਾ ਕੱਲ ਐਲਾਨ ਕੀਤਾ ਗਿਆ ਸੀ ਕਿ ਜਥੇਬੰਦੀ ਵਲੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ,ਫਿਲਹਾਲ ਇਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ।

ਦੇਰ ਰਾਤ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮੁਅੱਤਲ ਕੀਤੇ ਕੰਡਕਟਰ ਪ੍ਰਿਤਪਾਲ ਸਿੰਘ ਵਿਰੁੱਧ ਜਾਂਚ ਸਮਾਂਬੱਧ ਢੰਗ ਨਾਲ ਕੀਤੀ ਜਾਵੇਗੀ ਅਤੇ ਤਿੰਨ ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਯੂਨੀਅਨ ਵੱਲੋਂ ਇਸ ਮਾਮਲੇ ਦੀ ਸਮਾਂਬੱਧ ਜਾਂਚ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਸੂਬਾ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਇਸੇ ਤਰ੍ਹਾਂ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਵਿਭਾਗ ਦੇ ਨਿਯਮਾਂ ਅਨੁਸਾਰ ਸੱਤ ਦਿਨਾਂ ਦੇ ਅੰਦਰ-ਅੰਦਰ ਫਿਰੋਜ਼ਪੁਰ ਤੋਂ ਪੱਟੀ ਟਰਾਂਸਫਰ ਹੋਏ ਮੁਲਾਜ਼ਮਾਂ ਦੀਆਂ ਬਦਲੀਆਂ ਦਾ ਜਾਇਜ਼ਾ ਲੈਣ ਲਈ ਵੀ ਸਹਿਮਤੀ ਦੇ ਦਿੱਤੀ ਹੈ।

ਮੀਟਿੰਗ ਦੌਰਾਨ ਸੂਬੇ ਦੇ ਮੁਲਾਜ਼ਮਾਂ ਦੀਆਂ ਹੋਰ ਰਹਿੰਦੀਆਂ ਮੰਗਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਗਲੀ ਕਾਰਵਾਈ ਲਈ ਅਧਿਕਾਰੀਆਂ ਨੂੰ ਵੀ ਨੋਟ ਕਰਵਾ ਦਿੱਤਾ ਗਿਆ। ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਜਾਇਜ਼ ਮੰਗਾਂ ਬਾਰੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਇਨ੍ਹਾਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ, ਜਿਸ ਸਬੰਧੀ 12 ਦਸੰਬਰ 2022 ਨੂੰ ਮੁੜ ਮੀਟਿੰਗ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਰੋਡਵੇਜ਼ ਕਰਮੀ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਸਨ,ਪੰਜਾਬ ਦੇ ਜਿਆਦਾਤਰ ਡੀਪੂ ਬੰਦ ਰਹੇ ਸੀ ਤੇ ਸਰਕਾਰੀ ਬੱਸਾਂ ਦੀ ਆਵਾਜਾਈ ਨਾਮਮਾਤਰ ਸੀ।ਬੱਸਾਂ ਬੰਦ ਹੋਣ ਕਾਰਨ ਬੱਸ ਅੱਡਿਆਂ ਤੇ ਸਵਾਰੀਆਂ ਲਗਾਤਾਰ ਖ਼ਜਲ ਖੁਆਰ ਹੋ ਰਹੀਆਂ ਸੀ ਤੇ ਪੰਜਾਬ ਸਰਕਾਰ ਨੂੰ ਵੀ ਰੋਜਾਨਾ ਕਰੋੜਾਂ ਦਾ ਘਾਟਾ ਪੈ ਰਿਹਾ ਸੀ । ਸੋ ਇਸ ਵੇਲੇ ਸਭ ਤੋਂ ਵੱਡੀ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਇਹ ਹੜਤਾਲ ਖ਼ਤਮ ਹੋ ਗਈ ਹੈ ਤੇ ਸਰਕਾਰੀ ਬੱਸਾਂ ਹੁਣ ਪਹਿਲਾਂ ਵਾਂਗ ਸੜਕਾਂ ਤੇ ਨਜ਼ਰ ਆਉਣਗੀਆਂ।