‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ‘ਤੇ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਸਰਕਾਰ ਕਿਸਾਨਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ। ਕਿਸਾਨਾਂ ਨੂੰ ਜਿੱਥੇ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਉਨ੍ਹਾਂ ਨੂੰ ਮੌਸਮ ਦੀਆਂ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਫਿਰ ਵੀ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਕਿਸਾਨ ਚੜ੍ਹਦੀਕਲਾ ਵਿੱਚ ਹਨ।
ਬੀਤੀ ਰਾਤ ਦੌਰਾਨ ਟਿਕਰੀ ਬਾਰਡਰ ‘ਤੇ ਭਾਰੀ ਮੀਂਹ ਅਤੇ ਝੱਖੜ ਦੇ ਨਾਲ ਕਿਸਾਨਾਂ ਦੇ ਬਣਾਏ ਆਰਜ਼ੀ ਘਰਾਂ ਵਿੱਚ ਪਾਣੀ ਭਰਨ ਨਾਲ ਨੁਕਸਾਨ ਪਹੁੰਚਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਕੌੜਾ ਚੌਂਕ ਵਿਚਲੀ ਸਟੇਜ ਵਾਲੀ ਜਗ੍ਹਾ ‘ਤੇ ਵੀ ਪਾਣੀ ਭਰ ਗਿਆ ਸੀ, ਟੈਂਟ ਵਾਲੀਆਂ ਪਾਈਪਾਂ ਨੁਕਸਾਨੀਆਂ ਗਈਆਂ ਹਨ, ਮੈਟ ਗਿੱਲੇ ਹੋ ਗਏ ਹਨ, ਚਾਨਣੀਆਂ ਪਾਟ ਗਈਆਂ ਹਨ, ਜਿਸ ਕਰਕੇ ਸਟੇਜ ਦੀ ਕਾਰਵਾਈ ਚਾਲੂ ਨਹੀਂ ਹੋ ਸਕੀ।
ਕਿਸਾਨ ਲੀਡਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ‘ਭਾਰੀ ਮੀਂਹ ਅਤੇ ਝੱਖੜ ਕਾਰਨ ਭਾਵੇਂ ਸਟੇਜ ਦੀ ਕਾਰਵਾਈ ਚਾਲੂ ਨਹੀਂ ਹੋ ਸਕੀ, ਪਰ ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਕਾਨੂੰਨ ਰੱਦ ਕਰਵਾਉਣ ਤੱਕ ਘੋਲ ਜਾਰੀ ਰਹੇਗਾ। ਜਿੱਥੇ ਵਿਸ਼ਵ ਪੱਧਰੀਆਂ ਤਾਕਤਾਂ ਨੂੰ ਹਰਾਉਣ ਲਈ ਘੋਲ ਵਿੱਚ ਸ਼ਮੂਲੀਅਤ ਵਧਾਉਣ ਦੀ ਲੋੜ ਹੈ, ਉੱਥੇ ਹੀ ਹਾਕਮਾਂ ਦੇ ਭੜਕਾਊ ਨਾਅਰਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਬਰਤਾਨਵੀ ਸੰਸਦ ਵਿੱਚ ਕਿਸਾਨਾਂ ਦੇ ਅੰਦੋਲਨ ਦੀ ਚਰਚਾ ਤੋਂ ਬਾਅਦ ਕਿਸਾਨ ਅੰਦੋਲਨ ਕੌਮਾਂਤਰੀ ਪੱਧਰ ਦੇ ਛਾਏ ਜਾਣ ਤੋਂ ਮੋਦੀ ਸਰਕਾਰ ਘਬਰਾਹਟ ਵਿੱਚ ਹੈ।
ਬਸੰਤ ਸਿੰਘ ਕੋਠਾਗੁਰੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰ ਤੋਂ ਹੀ ਵਾਲੰਟੀਅਰ ਪੰਡਾਲ ਵਾਲੀ ਜਗ੍ਹਾ ਤੋਂ ਪਾਣੀ ਕੱਢ ਰਹੇ ਹਨ, ਮੈਟਾਂ ਨੂੰ ਸੁੱਕਣੇ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੇ ਇੱਕ ਪਾਸੇ ਮੋਦੀ ਹਕੂਮਤ ਕਿਸਾਨਾਂ ਦਾ ਸਬਰ ਪਰਖ ਰਹੀ ਹੈ, ਉੱਥੇ ਹੀ ਕੁਦਰਤ ਵੱਲੋਂ ਵੀ ਕਿਸਾਨਾਂ ਦਾ ਸਬਰ ਪਰਖਿਆ ਜਾ ਰਿਹਾ ਹੈ। ਕਿਸਾਨ ਪਹਿਲਾਂ ਦੀ ਤਰ੍ਹਾਂ ਸਭ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਸ਼ੰਘਰਸ ਵਿੱਚ ਡਟੇ ਰਹਿਣਗੇ।