Punjab

ਨਵਜੋਤ ਸਿੱਧੂ ਦਾ ਪੁਲਿਸ ਮੁਖੀ ਨੂੰ ਖਤ, ਪੁਲਿਸ ਦੇ ਜਵਾਨਾਂ ਲਈ ਰਾਸ਼ਨ ਮਨੀ ਭੱਤਾ ਵਧਾਉਣ ਦੀ ਮੰਗ

‘ਦ ਖ਼ਾਲਸ ਬਿਊਰੋ :- ਨਵਜੋਤ ਸਿੱਧੂ ਦਾ ਪੰਜਾਬ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਨੂੰ ਪੱਤਰ ਲਿਖ ਕੇ ਪੁਲਿਸ ਦੇ ਜਵਾਨਾਂ ਲਈ ਰਾਸ਼ਨ ਭੱਤਾ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਪੱਤਰ ਵਿੱਚ ਡੀਜੀਪੀ ਨੂੰ ਸੰਬੋਧਨ ਹੁੰਦਿਆਂ ਲਿਖਿਆ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਬਹੁਤ ਥੋੜ੍ਹਾ ਰਾਸ਼ਨ ਭੱਤਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੀ ਜਾਣਕਾਰੀ ਆਈ ਹੈ ਕਿ ਪੰਜਾਬ ਆਰਮਡ ਪੁਲਿਸ ਤੇ ਸੂਬੇ ਦੀ ਭਾਰਤੀ ਰਿਜ਼ਰਵ ਬਟਾਲੀਅਨ ਪ੍ਰਤੀ ਦਿਨ ਆਰਐੱਮਏ ਦੇ ਰੂਪ ਵਿੱਚ 3 ਰੁਪਏ ਪ੍ਰਾਪਤ ਕਰਦੇ ਹਨ। ਮੇਰੇ ਨਾਲ ਕੁੱਝ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਡਿਊਟੀ ਦੌਰਾਨ ਸਾਂਝੀ ਕੀਤੀ ਇਹ ਗੱਲ ਤੁਹਾਡੇ ਧਿਆਨ ਵਿੱਚ ਲਿਆਉਣ ਲਈ ਮੈਨੂੰ ਇਹ ਲਿਖਣ ਲਈ ਮਜ਼ਬੂਰ ਹੋਣਾ ਪਿਆ ਹੈ।

ਰਾਸ਼ਨ ਮਨੀ ਜਵਾਨਾਂ ਲਈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਹੁਤ ਲੋੜੀਂਦੀ ਹੈ। ਇਸ 3 ਰੁਪਏ ਦੀ ਰਾਸ਼ੀ ਨਾਲ ਸਾਡੇ ਜਵਾਨਾਂ ਦੀਆਂ ਰੋਜ਼ਾਨਾ ਪੋਸ਼ਣ ਲੋੜਾਂ ਨੂੰ ਪੂਰਾ ਕਰਨ ਲਈ ਬਹੁਤ ਘੱਟ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਹੋਰ ਯੂਨਿਟਾਂ ਨੂੰ ਵੀ ਭੱਤੇ ਦੇ ਰੂਪ ਵਿੱਚ ਬਹੁਤ ਹੀ ਘੱਟ ਰਾਸ਼ੀ ਮਿਲਦੀ ਹੈ। ਸਿੱਧੂ ਨੇ ਪੱਤਰ ਵਿੱਚ ਹੋਰ ਸੁਰੱਖਿਆ ਬਲਾ ਨੂੰ ਮਿਲਣ ਵਾਲੇ ਆਰਐੱਮਏ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿਚ ਉਨ੍ਹਾਂ ਦੱਸਿਆ ਕਿ ਆਰਮੀ, ਨੇਵੀ ਤੇ ਏਅਰਫੋਰਸ ਨੂੰ 234.58 ਰੁਪਏ ਪ੍ਰਤੀ ਦਿਨ ਤੇ ਲੜਾਈ ਲਈ ਨਾਨ ਗਜ਼ਟਿਡ ਕੇਂਦਰੀ ਆਰਮਡ ਪੁਲਿਸ ਬਲਾਂ, ਆਈਬੀ ਤੇ ਦਿੱਲੀ ਪੁਲਿਸ ਦੇ ਜਵਾਨਾਂ ਨੂੰ 117.29 ਰੁਪਏ ਪ੍ਰਤੀ ਦਿਨ ਹਾਸਿਲ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦਾ ਸਭ ਤੋਂ ਪੁਰਾਣਾ ਪੁਲਿਸ ਬਲ ਹੈ। ਪੰਜਾਬ ਪੁਲਿਸ ਹਮੇਸ਼ਾ ਬਿਨ੍ਹਾਂ ਕੁਰਬਾਨੀ ਦੇਣ ਦੇ ਕਿਸੇ ਡਰ ਤੋਂ ਸਭ ਤੋਂ ਅੱਗੇ ਖੜ੍ਹੀ ਹੁੰਦੀ ਹੈ। ਇਸ ਲਈ ਦੇਸ਼ ਦੀਆਂ ਹੋਰ ਸੁਰੱਖਿਆ ਫੌਜਾਂ ਦੇ ਵਾਂਗ ਪੰਜਾਬ ਪੁਲਿਸ ਨਾਲ ਵੀ ਬਰਾਬਰੀ ਦਾ ਵਰਤਾਓ ਕਰਨਾ ਚਾਹੀਦਾ ਹੈ ਅਤੇ ਇਹ ਭੱਤੇ ਵਧਾ ਕੇ ਦਿੱਤੇ ਜਾਣੇ ਚਾਹੀਦੇ ਹਨ। ਮੈਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ‘ਤੇ ਤੁਹਾਨੂੰ ਇੱਕ ਦੋਸਤ ਦੇ ਰੂਪ ਵਿੱਚ ਬੇਨਤੀ ਕਰਦਾ ਹਾਂ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਣ ਭੱਤੇ ‘ਤੇ ਵਿਚਾਰ ਕੀਤਾ ਜਾਵੇ।