India

ਸਿੰਗਲ ਮਾਂ ਨੇ ਪਾਸਪੋਰਟ ਤੋਂ ਹਟਵਾਇਆ ਬੱਚੇ ਦੇ ਬਾਪ ਦਾ ਨਾਂ,ਅਦਾਲਤ ਨੇ ਵੀ ਦਿੱਤੀ ਮੰਜ਼ੂਰੀ  

ਦਿੱਲੀ : ਦਿੱਲੀ ਹਾਈ ਕੋਰਟ ਨੇ ਇਕ ਔਰਤ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪਾਸਪੋਰਟ ਅਧਿਕਾਰੀਆਂ ਨੂੰ ਉਸ ਦੇ ਨਾਬਾਲਗ ਪੁੱਤਰ ਦੇ ਪਾਸਪੋਰਟ ਤੋਂ ਪਿਤਾ ਦਾ ਨਾਂ ਹਟਾਉਣ ਅਤੇ ਬੱਚੇ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਪਟੀਸ਼ਨ ਦਾਇਰ ਕਰਨ ਵਾਲੀ ਮਾਂ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਸੀ ਕਿ ਬੱਚੇ ਨੂੰ ਉਸ ਦੇ ਪਿਤਾ ਨੇ ਉਸ ਦੇ ਜਨਮ ਤੋਂ ਪਹਿਲਾਂ ਹੀ ਤਿਆਗ ਦਿੱਤਾ ਸੀ ਅਤੇ ਉਸ ਨੇ ਇਕੱਲਿਆਂ ਹੀ ਆਪਣੇ ਬੱਚੇ ਨੂੰ ਪਾਲਿਆ ਸੀ।

ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਹੋਵੇਗਾ ਜਿੱਥੇ ਪਿਤਾ ਨੇ ਬੱਚੇ ਨੂੰ ਪੂਰੀ ਤਰ੍ਹਾਂ ਨਾਲ ਛੱਡ ਦਿੱਤਾ ਹੋਵੇ। ਬੈਂਚ ਨੇ ਕਿਹਾ ਕਿ ਅਜਿਹੀਆਂ ਸਥਿਤੀਆਂ ਵਿੱਚ, ਇਸ ਅਦਾਲਤ ਦਾ ਵਿਚਾਰ ਹੈ ਕਿ ਚੈਪਟਰ 8 ਦੀ ਧਾਰਾ 4.5.1 ਅਤੇ ਚੈਪਟਰ 9 ਦੀ ਧਾਰਾ 4.1 ਸਪੱਸ਼ਟ ਤੌਰ ‘ਤੇ ਲਾਗੂ ਹੋਵੇਗੀ। ਹਾਲਾਤ ਇਹ ਨਿਰਦੇਸ਼ ਦਿੰਦੇ ਹਨ ਕਿ ਬੱਚੇ ਦੇ ਪਿਤਾ ਦਾ ਨਾਮ ਪਾਸਪੋਰਟ ਤੋਂ ਮਿਟਾ ਦਿੱਤਾ ਜਾਵੇ ਅਤੇ ਪਿਤਾ ਦੇ ਨਾਮ ਤੋਂ ਬਿਨਾਂ ਨਾਬਾਲਗ ਬੱਚੇ ਨੂੰ ਪਾਸਪੋਰਟ ਦੁਬਾਰਾ ਜਾਰੀ ਕੀਤਾ ਜਾਵੇ।

ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੁਝ ਖਾਸ ਹਾਲਾਤਾਂ ‘ਚ ਜੈਵਿਕ ਪਿਤਾ ਦਾ ਨਾਂ ਹਟਾਇਆ ਜਾ ਸਕਦਾ ਹੈ ਅਤੇ ਉਪਨਾਮ ਵੀ ਬਦਲਿਆ ਜਾ ਸਕਦਾ ਹੈ।

ਦਰਅਸਲ ਪਟੀਸ਼ਨਕਰਤਾ ਮਾਂ ਨੇ ਕਿਹਾ ਕਿ ਕਿਉਂਕਿ ਉਹ ਸਿੰਗਲ ਪੇਰੈਂਟ ਹੈ ਅਤੇ ਪਿਤਾ ਨੇ ਬੱਚੇ ਨੂੰ ਪੂਰੀ ਤਰ੍ਹਾਂ ਨਾਲ ਛੱਡ ਦਿੱਤਾ ਹੈ। ਇਹ ਅਜਿਹਾ ਮਾਮਲਾ ਹੈ ਜਿੱਥੇ ਪਾਸਪੋਰਟ ਅਧਿਕਾਰੀਆਂ ਨੂੰ ਬੱਚੇ ਦੇ ਪਿਤਾ ਦੇ ਨਾਂ ‘ਤੇ ਜ਼ੋਰ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਦਿੱਲੀ ਹਾਈ ਕੋਰਟ ਨੇ 19 ਅਪ੍ਰੈਲ ਨੂੰ ਮਹਿਲਾ ਦੇ ਹੱਕ ‘ਚ ਫੈਸਲਾ ਸੁਣਾਉਂਦੇ ਹੋਏ ਪਾਸਪੋਰਟ ਅਧਿਕਾਰੀਆਂ ਨੂੰ ਪਾਸਪੋਰਟ ਤੋਂ ਬੱਚੇ ਦੇ ਪਿਤਾ ਦਾ ਨਾਂ ਹਟਾ ਕੇ ਨਵਾਂ ਪਾਸਪੋਰਟ ਜਾਰੀ ਕਰਨ ਦਾ ਹੁਕਮ ਦਿੱਤਾ ਸੀ।