Punjab

ਸ਼੍ਰੋਮਣੀ ਕਮੇਟੀ ਵਿਕੀ ਰਹੀ ਇੱਕ ਅਖੌਤੀ ਪੰਥਕ ਲਾਣੇ ਦੇ ਹੱਥਾਂ ‘ਚ

‘ਦ ਖ਼ਾਲਸ ਬਿਊਰੋ : ਸ੍ਰੀ ਹਰਿਮੰਦਰ ਸਾਹਿਬ  ਵਿਖੇ ਚੱਲਦੇ ਗੁਰਬਾਣੀ ਪ੍ਰਵਾਹ ਨੂੰ ਪ੍ਰਸਾਰਣ ਕਰਮ ਦੇ ਹੱਕ ਸਿਆਸੀ ਅਕਾਮਾਂ ਨੂੰ ਖੁਸ਼ ਕਰਨ ਅਤੇ ਸਿੱਖ ਭਾਵਨਾਵਾਂ ਦੀ ਬਲੀ ਦੇ ਕੇ ਪੀਟੀਸੀ ਨੂੰ ਦਿੱਤੇ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਨਾਲ ਸਿਰਫ ਵਿੱਤੀ ਰਗੜਾ ਹੀ ਲੱਗਾ ਸਗੋਂ ਗੁਰਬਣੀ  ਪ੍ਰਵਾਹ ਦੇ ਪ੍ਰਸਾਰਣ ਉੱਤੇ ਅਜਾਰੇਦਾਰੀ ਵੀ ਸਥਾਪਿਤ ਹੋਈ ਹੈ। ਸਿੱਖ ਸੰਗਤ ਵੱਲੋਂ ਕਮੇਟੀ ਅਤੇ ਪੀਟੀਸੀ ਦਰਿਮਿਆਨ ਹੋਏ ਸਮਝੌਤਿਆਂ ਦੀ ਪੜਚੋਲ ਲਈ ਗਠਿਤ ਇੱਕ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਸਮਝੌਤਿਆਂ ਦੀ ਬੱਜਰ ਉਲੰਘਣਾ ਹੋਈ ਹੈ। ਕਮੇਟੀ ਦੇ ਮੈਂਬਰਾਂ ਪ੍ਰੋ ਜਗਮੋਹਣ ਸਿੰਘ ,ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਚੰਚਲ ਮਨੋਹਰ ਸਿੰਘ ਬੇਦੀ ,ਵਿਸ਼ਲੇਸ਼ਕ ਅਜੇਪਾਲ ਸਿੰਘ ਬਰਾੜ,ਪਰਮਜੀਤ ਸਿੰਘ ਗਾਜੀ ਅਤੇ ਬੀਬੀ ਹਰਸ਼ਰਨ ਕੌਰ ਵੱਲੋਂ ਪੱਤਰਕਾਰ ਸੰਮੇਲਨ ਦੌਰਾਨ ਰਲੀਜ਼ ਕੀਤੀ ਇਸ ਰਿਪੋਰਟ ਵਿੱਚ ਪੀਟੀਸੀ ਚੈਨਲ ਤੋਂ ਗੁਰਬਾਣੀ ਦੇ ਪ੍ਰਸਾਰਣ ਅਧਿਕਾਰ ਬਿਨਾ ਦੇਰੀ ਵਾਪਸ ਲੈਂਣ ਅਤੇ ਨੈਟਵਰਕ ਦੇ ਮੁੱਖੀ ਰਬਿੰਦਰ ਨਾਰਾਇਣਨ ਵਿਰੁੱਧ ਸਖ਼ਤ ਕਾਰਵੀ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਰਿਪੋਰਟ ਵਿੱਚ ,ਸੁਝਾਵਾਂ ਦੀ ਪੁਸ਼ਟੀ ਲਈ ਦੂਜੀਆਂ ਧਾਰਮਿਕ ਸੰਸਥਾਵਾਂ ਤਿਰੂਮਾਲਾ ਤਿਰੂਪਤੀ ਦੇਵਾਸਥਮ, ਮਾਤਾ ਵੈਸ਼ਨੌ ਦੇਵੀ ਸ਼ਰਾਈਨ ਬੋਰਡ ਆਦਿ ਦੀ ਪ੍ਰਸਾਰਣ ਨੀਤੀ ਦਾ ਹਵਾਲਾ ਦਿੱਤੀ ਗਿਆ ਹੈ।

ਚਾਲੀ ਪੰਨਿਆਂ ਦੀ ਇਸ ਰਿਪੋਰਟ ਇਹ ਉਜਾਗਰ ਕਰਦੀ ਹੈ ਕਿ ਗੁਰਬਾਣੀ ਪ੍ਰਸਾਰਣ ਲਈ ਸਥਾਪਿਤ ਕੀਤੇ ਗਏ ਮੌਜੂਦਾ    ਅਜਾਰੇਦਾਰਾਨਾ ਪ੍ਰਬੰਧ ਨੂੰ ਤੋੜ ਕੇ ਇਸ ਮਨੋਰਥ ਵਾਸਤੇ ਨਿਸ਼ਕਾਮ, ਸਰਬ ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਕਾਇਮ ਕੀਤਾ ਜਾਣਾ ਚਾਹੀਦਾ ਹੈ।  

ਛੇ ਹਿੱਸਿਆਂ ਵਿੱਚ ਵੰਡ ਕੇ ਤਿਆਰ ਕੀਤੀ ਇਸ ਰਿਪੋਰਟ ਵਿੱਚ  ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨਾਲ ਸਬੰਧਤ ਘਟਨਾਵਾਂ ਦਾ ਵਿਸ਼ਲੇਸ਼ਣ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕੇ ਗਏ ਕਦਮ ਵਿੱਚ ਹੀ ਅਮਲ ਦੇ ਪੱਧਰ ਦੀਆਂ ਊਣਤਾਈਆਂ ਅਤੇ ਬਦ-ਇੰਤਜ਼ਾਮੀ ਨੂੰ ਉਜਾਗਰ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਨਾਅਹਿਲੀ ਅਤੇ ਗੈਰ-ਸੰਜੀਦਗੀ ਵੀ ਪ੍ਰਗਟ ਹੁੰਦੀ ਹੈ। ਵਿਸ਼ਲੇਸ਼ਣ ਤੋਂ ਇਹ ਵੀ ਉਜਾਗਰ ਹੁੰਦਾ ਹੈ ਕਿ ਵਿੱਤੀ ਲੈਣ-ਦੇਣ ਵਿੱਚ ਪੱਖਪਾਤ ਹੁੰਦਾ ਰਿਹਾ ਹੈ। ਕਮੇਟੀ ਵੱਲੋਂ  ਵਿੱਤੀ ਖਾਤਿਆਂ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕੀਤੀਆਂ ਬੇਨਤੀਆਂ ਨੂੰ ਨਜ਼ਰ-ਅੰਦਾਜ਼ ਕਰਨਾ ਅਤੇ ਪ੍ਰਾਪਤ ਖਾਤਿਆਂ ਵਿੱਚ ਪਾਈਆਂ ਗਈਆਂ  ਊਣਤਾਈਆਂ ਤੇ ਗੜਬੜੀਆਂ ਸ਼੍ਰੋਮਣੀ ਕਮੇਟੀ ਦੇ ਕਾਰ-ਵਿਹਾਰ ਵਿੱਚ ਪਾਰਦਰਸ਼ਤਾ ਦੀ ਭਾਰੀ ਕਮੀ, ਵਿੱਤੀ ਬਦਇੰਤਜ਼ਾਮੀ ਅਤੇ ਸੰਭਾਵੀ ਹੇਰਾਫੇਰੀ ਤੇ ਘੁਟਾਲੇ ਵੱਲ ਇਸ਼ਾਰਾ ਕਰਦੀਆਂ ਹਨ। ਕਮੇਟੀ ਦੇ ਹਿਸਾਬ ਕਿਤਾਬ ਵਿੱਚ ਪਾਰਦਰਸ਼ਤਾ ਲਿਆਉਣ ਉੱਤੇ ਜ਼ੋਰ ਦਿੱਤਾ ਹੈ।

ਪੜਤਾਲ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਨਿਜ਼ੀ ਚੈਨਲ ਨਾਲ ਕੀਤੇ ਸਮਝੌਤਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਲਈ ‘ਗੋਲਡਨ ਟੈਂਪਲ’ ਸ਼ਬਦ ਦੀ ਵਰਤੋਂ ‘ਤੇ ਵੀ ਇਤਰਾਜ਼ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਅਰਦਾਸੀਏ ਸਾਹਿਬਾਨ ਅਤੇ ਹੋਰਨਾਂ ਸੇਵਾਦਾਰ ਸਾਹਿਬਾਨ ਲਈ ਗਵੱਈਏ (ਸਿੰਗਰ) ਅਤੇ ਪੇਸ਼ਕਾਰ (ਪ੍ਰਫਾਰਮਰ) ਲਕਬ ਵਰਤੇ ਗਏ ਹਨ। ਇਹ ਸਮਝੌਤੇ ਲਿਖਣ ਵੇਲੇ ਗੁਰਮਤਿ ਮਰਿਆਦਾ ਜਾਂ ਸਿੱਖੀ ਭੈ-ਭਾਵਨੀ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਗਿਆ।

ਇਹਨਾਂ ਸਮਝੌਤਿਆਂ ਤਹਿਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਚੱਲਣ ਵਾਲੇ ਗੁਰਬਾਣੀ ਪ੍ਰਵਾਹ ਉੱਪਰ ਇਹ ਸ਼ਰਤ ਥੋਪੀ ਗਈ ਹੈ ਕਿ ‘ਪ੍ਰਸਾਰਣ ਵਿਚ ਪੇਸ਼ ਹੋਣ ਵਾਲੇ ਕਿਸੇ ਵੀ ਵਿਅਕਤੀ ਜਾਂ ਕਰਮ ਵੱਲੋਂ ਕਿਸੇ ਵੀ ਉਚਾਰਣ ਜਾਂ ਕੰਮ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਕਿਸੇ ਵੀ ਜਿੰਦਾ ਜਾਂ ਮਰੇ ਹੋਏ ਵਿਅਕਤੀ ਦੀ ਮਾਣਹਾਨੀ, ਜਾਂ ਇੰਡੀਆ ਦੀ ਪ੍ਰਭੂਸੱਤਾ ਜਾਂ ਕਿਸੇ ਵੀ ਹੋਰ ਦੇਸ਼ ਜਾਂ ਤਾਕਤ ਦੀ ਪ੍ਰਭੂਸੱਤਾ, ਜਾਂ ਇੰਡੀਅਨ ਕਾਨੂੰਨ ਦੀ ਜਾਂ ਅਥਾਰਟੀ ਦੀ; ਕਿਸੇ ਧਰਮ, ਭਾਈਚਾਰੇ ਜਾਂ ਪਿਰਤ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ ਪਰ ਕੰਪਨੀ ਨੇ ਪਰਵਾਹ ਨਹੀਂ ਕੀਤੀ ਹੈ। ‘ਧੁਰ ਕੀ ਬਾਣੀ’ ਉੱਪਰ ਦੁਨਿਆਵੀ ਸ਼ਰਤਾਂ ਥੋਪਣ ਦੀ ਜੋ ਹਿਮਾਕਤ ਹਕੂਮਤਾਂ ਨੇ ਵੀ ਨਹੀਂ ਕੀਤੀ ਉਹ ਹਿਮਾਕਤ ਗੁਰਬਾਣੀ ਪ੍ਰਸਾਰਣ ਦੇ ਸਮਝੌਤਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੇਂ-ਸਮੇਂ ਸਿਰ ਇਹਨਾਂ ਸਮਝੌਤਿਆਂ ਨੂੰ ਕਰਨ ਵਾਲੀਆਂ ਧਿਰਾਂ ਵੱਲੋਂ ਕੀਤੀ ਗਈ ਹੈ। ਇਹ ਇਹਨਾਂ ਸਮਝੌਤਿਆਂ ਤਹਿਤ ਸਿੱਖੀ ਸਿਧਾਂਤਾਂ ਦੀ ਕੀਤੀ ਗਈ ਬੱਜਰ ਉਲੰਘਣਾ ਹੈ।

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਮੇਤ ਹੋਰਨਾਂ ਪਵਿੱਤਰ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਇਸ ਲਈ ਇਸ ਅਦਾਰੇ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਦਾ ਪ੍ਰਬੰਧ ਅਤੇ ਕਾਰਜ ਗੁਰਮਤਿ ਅਨੁਸਾਰੀ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਕੀਤੇ ਜਾਂਦੇ ਦਸਤਾਵੇਜਾਂ ਵਿੱਚ ਜੇਕਰ ਗੁਰਮਤਿ ਦੇ ਨੁਕਤਾ ਨਿਗਾਹ ਤੋਂ ਉਲੰਘਣਾਵਾਂ ਅਤੇ ਉਣਤਾਈਆਂ ਹਨ ਤਾਂ ਇਹ ਇਕ ਗੰਭੀਰ ਮਾਮਲਾ ਹੈ ਜਿਸ ਵੱਲ ਸਿੱਖ ਜਗਤ ਨੂੰ ਫੌਰੀ ਤੌਰ ਉੱਤੇ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਉਲੰਘਣਾਵਾਂ ਲਈ ਦੋਸ਼ੀ ਵਿਅਕਤੀਆਂ ਦੀ ਜਿੰਮੇਵਾਰੀ ਮਿੱਥੀ ਜਾਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਸ਼੍ਰੋਮਣੀ ਕਮੇਟੀ ਦੇ ਦਸਤਾਵੇਜਾਂ ਵਿੱਚੋਂ ਅਜਿਹੀਆਂ ਊਣਤਾਈਆਂ ਅਤੇ ਉਲੰਘਣਾਵਾਂ ਖਤਮ ਕਰਵਾਈਆਂ ਜਾਣ।

ਕਮੇਟੀ ਦਾ ਮੰਨਣਾ ਹੈ ਕਿ ਗੁਰਬਾਣੀ ਅਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਪਵਿੱਤਰ, ਰੂਹਾਨੀ ਅਤੇ ਸਰਬ ਸਾਂਝੇ ਰੁਤਬੇ, ਅਤੇ ਗੁਰਬਾਣੀ ਕੀਰਤਨ ਨੂੰ ਸਤਿਕਾਰਤ ਅਤੇ ਨਿਸ਼ਕਾਮ ਤਰੀਕੇ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਤੱਕ ਪਹੁੰਚਾਉਣ ਲਈ ਹੋਣ ਵਾਲੇ ਪ੍ਰਸਾਰਣ ਦੇ ਉਦੇਸ਼ਾਂ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵਲੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਸਬੰਧੀ ਯੋਗ ਵਿਅਕਤੀਆਂ ਅਤੇ ਸੰਸਥਾਵਾਂ ਦੀ ਜ਼ਿੰਮੇਵਾਰੀ ਤਾਂ ਲਗਾਈ ਜਾ ਸਕਦੀ ਹੈ ਪਰ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦਾ ਵਪਾਰਕ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦਾ ਕੋਈ ਵੀ ਵਪਾਰਕ ਸਮਝੌਤਾ ਕਰਨਾ, ਉਸ ਸਮਝੌਤੇ ਤਹਿਤ ਕਿਸੇ ਵਪਾਰਕ ਅਦਾਰੇ ਦੀ ਅਜਾਰੇਦਾਰੀ ਕਾਇਮ ਕਰਵਾਉਣੀ ਅਤੇ ਅਜਿਹੀਆਂ ਤਾਕਤਾਂ ਦੇਣੀਆਂ ਕਿ ਉਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਪ੍ਰਸਾਰਣ ਕਰਨ ਜਾਂ ਪ੍ਰਸਾਰਣ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਰੋਕ ਸਕਦਾ ਹੋਵੇ, ਸਰਾਸਰ ਗੈਰ-ਸਿਧਾਂਤਕ ਅਤੇ ਗਲਤ ਕਾਰਵਾਈ ਦੱਸਿਆ ਹੈ।

ਪੋੜਚੋਲ ਕਮੇਟੀ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਡ ਦਰਮਿਆਨ ਇਹ ਸਮਝੌਤਾ ਸਿਰਫ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ  ਹੋਇਆ ਹੈ ਨਾ ਕਿ ਸਮੁੱਚੇ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਲਈ। ਇਸ ਨਜਰੀਏ ਤੋਂ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਡ ਜਾਂ ਪੀ.ਟੀ.ਸੀ. ਨੈਟਵਰਕ ਨੂੰ ਸਮਝੌਤੇ ਤਹਿਤ ਹੁਕਮਨਾਮਾ ਸਾਹਿਬ ਪ੍ਰਸਾਰਿਤ ਕਰਨ ਦੀ ਮਨਜੂਰੀ ਹੀ ਨਹੀਂ ਮਿਲੀ ਹੋਈ ਅਤੇ ਉਹ ਇਸ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਹੁਕਮਨਾਮਾ ਸਾਹਿਬ ਪ੍ਰਸਾਰਿਤ ਕਰ ਰਹੇ ਹਨ।

ਇੱਥੇ ਹੀ ਬਸ ਨਹੀਂ ਰਿਪੋਰਟ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਜੀ ਨੈਕਸਟ ਮੀਡੀਆ ਪ੍ਰਾਈਵੇਟ ਲਿਮਿਟਡ ਅਤੇ ਪੀ.ਟੀ.ਸੀ. ਨੈੱਟਵਰਕ ਗੈਰਵਾਜਿਬ ਤਰੀਕੇ ਨਾਲ ਦੂਸਰੇ ਮੰਚਾਂ ਨੂੰ ਹੁਕੁਮਨਾਮਾ ਸਾਹਿਬ ਦੇ ਪ੍ਰਚਾਰ-ਪ੍ਰਸਾਰ ਵਿਰੁੱਧ ਕਾਪੀਰਾਈਟ ਅਤੇ ਬੌਧਿਕ ਜਗੀਰ ਦੀ ਉਲੰਘਣਾ ਦੀ ਕਾਰਵਾਈ (ਸਟਰਾਈਕ/ਨੋਟਿਸ) ਭੇਜ ਕੇ ਉਹਨਾਂ ਦੀਆਂ ਬਾਹਾਂ ਮਰੋੜਦੇ ਰਹੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ  ਪੀ.ਟੀ.ਸੀ. ਨੈੱਟਵਰਕ ਨੇ ਕਈ ਵੱਡੇ ਵੱਡੇ ਮੀਡੀਆ ਅਦਾਰਿਆਂ ਨੂੰ ਅਜਿਹੀਆਂ ਕਾਰਵਾਈਆਂ ਸਟਰਾਈਕ ਨੋਟਿਸ ਭੇਜ ਕੇ ਉਨ੍ਹਾਂ ਤੋਂ ਹਾਰ ਮਨਵਾਈ ਹੈ।

ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬਣਦੇ ਫਰਜ ਦੇ ਉਲਟ ਜਾ ਕੇ ਸਮਝੌਤਾ ਕੀਤਾ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧਤ ਅਹੁਦੇਦਾਰ ਅਤੇ ਅਧਿਕਾਰੀ ਆਪਣੀਆਂ ਬੁਨਿਆਦੀ ਜਿੰਮੇਵਾਰੀਆਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ੀ ਹਨ ਜਿਸ ਲਈ ਸੰਗਤਾ ਦੀ ਕਚਿਹਰੀ ਵਿੱਚ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਬਣਦਾ ਹੈ। ਇਸ ਦੇ ਨਾਲ ਹੀ ਪੀ.ਟੀ.ਸੀ. ਪੰਜਾਬੀ ਅਤੇ ਇਸ ਦੀ ਮਾਲਕ ਜੀ ਨੈਕਸਟ ਮੀਡੀਆ ਕੰਪਨੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਨੂੰ ਆਪਣੀ ਜਗੀਰ ਸਮਝਣ, ਹੁਕਮਨਾਮਾ ਸਾਹਿਬ ਉੱਤੇ ਆਪਣੀ ਮਾਲਕੀ ਅਤੇ ਅਜਾਰੇਦਾਰੀ ਦਰਸਾਉਣ ਅਤੇ ਹੋਰਨਾਂ ਨੂੰ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਤੋਂ ਗੈਰ ਸਿਧਾਂਤਕ ਅਤੇ ਗੈਰ ਵਾਜਿਬ ਤਰੀਕੇ ਨਾਲ ਰੋਕਣ ਲਈ ਜਿੰਮੇਵਾਰ ਹਨ। ਕਮੇਟੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਪੀਟੀਸੀ ਤੋਂ ਗੁਰਬਾਣੀ ਦਾ ਪ੍ਰਸਾਰਣ ਰੋਕਣ ਲਈ ਅੱਗੇ ਆਉਣ ਨਾਲ ਹੀ ਕਿਹਾ ਗਿਆ ਹੈ ਕਿ  ਗੁਰਬਾਣੀ ਉੱਪਰ ਬੌਧਿਕ ਜਗੀਰ ਦਾ ਦਾਅਵਾ ਜਤਾ ਕੇ ਪੀ.ਟੀ.ਸੀ. ਨੈਟਵਰਕ ਅਤੇ ਇਸਦੀ ਮਾਲਕ ਜੀ ਨੈਕਸਟ ਮੀਡੀਆ ਕੰਪਨੀ ਵੱਲੋਂ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਹੈ ਜਿਸ ਲਈ ਕਾਰਵਾਈ ਹੋਣੀ ਲਾਜ਼ਮੀ ਬਣਦੀ ਹੈ। ਗੁਰਬਾਣੀ ਨੂੰ ਬੌਧਿਕ ਜਾਗੀਰ ਦੱਸਣ ਲਈ ਪੀ.ਟੀ.ਸੀ. ਨੈੱਟਵਰਕ ਦੇ ਮੁਖੀ ਰਬਿੰਦਰ ਨਾਰਾਇਣਨ ਨਿਜੀ ਤੌਰ ਉੱਤੇ ਵੀ ਜਿੰਮੇਵਾਰ ਹੈ ਜਿਸ ਲਈ ਉਸ ਵਿਰੁਧ ਸਖਤ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ।

ਕਮੇਟੀ ਦਾ ਮੰਨਣਾ ਹੈ ਕਿ ਗੁਰਬਾਣੀ ਪ੍ਰਸਾਰਣ ਦੇ ਲਈ ਹੋਰ ਬਦਲਵੇਂ ਪ੍ਰਬੰਧ ਮੌਜੂਦ ਹਨ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਦਾ ਆਪਣਾ ਟੀ.ਵੀ. ਚੈਨਲ, ਹੋਰਨਾਂ ਪ੍ਰਸਾਰਣਕਰਤਾਵਾਂ ਨੂੰ ਪ੍ਰਸਾਰਣ ਕਰਨ ਦੀ ਗੈਰ-ਅਜਾਰੇਦਾਰਾਨਾ ਜਿੰਮੇਵਾਰੀ ਦੇਣੀ, ਸਾਰੇ ਚੈਨਲਾਂ ਨੂੰ ਸ਼ਰਤਾਂ ਤਹਿਤ ਪ੍ਰਸਾਰਣ ਕਰ ਲੈਣ ਦੇਣ ਦਾ ਖੁੱਲ੍ਹਾ ਪ੍ਰਬੰਧ, ਗੁਰਮਤਿ ਸਿਧਾਂਤਾਂ ਤੋਂ ਸੇਧ ਲੈ ਕੇ ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜਣਾ। ਪ੍ਰਸਾਰਣ ਦੇ ਖੇਤਰ ਵਿੱਚ ਆਈਆਂ ਨਵੀਂ ਤਕਨੀਕਾਂ ਕਾਰਨ ਹੁਣ ਦੇ ਸਮੇਂ ਵਿੱਚ ਵਧੇਰੇ ਤਕਨੀਕੀ ਬਦਲ ਤੇ ਸਹੂਲਤਾਂ ਮੌਜੂਦ ਹਨ। ਇਸ ਲਈ ਮੁੱਖ ਲੋੜ ਕੁਸ਼ਲ ਪ੍ਰਬੰਧ -ਸਿਸਟਮ ਸਿਰਜਣਾ ਹੈ।

ਕਮੇਟੀ ਨੇ ਇਸ ਮਕਸਦ ਲਈ ਸੰਗਤੀ ਤੌਰ ਉੱਤੇ ਸੁਝਾਅ ਲੈਣ ਦੀ ਮੁਹਿੰਮ ਚਲਾਉਣ ਦੀ ਸਿਫਾਰਸ਼ ਕੀਤੀ ਹੈ ਅਤੇ ਨਾਲ ਹੀ ਵਿਸ਼ਾ ਮਾਹਿਰਾਂ ਦੀ ਰਾਏ ਲੈਣ ਦੀ ਸਲਾਹ ਦਿੱਤੀ ਹੈ। ਜਿਸ ਤਹਿਤ ਪੰਜਾਬ, ਇੰਡੀਆ ਦੇ ਹੋਰਨਾਂ ਭਾਗਾਂ ਅਤੇ ਸੰਸਾਰ ਭਰ ਦੀ ਸਿੱਖ ਸੰਗਤ ਤੋਂ ਰਾਏ ਅਤੇ ਸੁਝਾਅ ਵੀ ਇਕੱਤਰ ਕੀਤੇ ਜਾ ਸਕਦੇ ਹਨ।

ਇੱਥੇ ਇਹ ਦੱਸਣਾ ਵੀ ਜ਼ਿਕਰਯੋਗ ਹੈ ਕਿ ਕਈ ਸਿੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਮਤੇ ਪਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਵਾਹ ਦਾ ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜਣ ਦ ਸਲਾਹ ਦਿੱਤੀ ਹੈ।

ਕਮੇਟੀ ਵੱਲੋਂ ਚਾਰ ਅਹਿਮ ਸੁਝਾਅ ਵੀ ਦਿੱਤੇ ਗਏ ਹਨ।

 (ੳ) ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦਾ ਕਿਸੇ ਵੀ ਤਰੀਕੇ ਨਾਲ ਵਪਾਰੀਕਰਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੁਰਬਾਣੀ ਪ੍ਰਵਾਹ ਦਾ ਹੀ ਵਪਾਰੀਕਰਨ ਨਹੀਂ ਹੋ ਸਕਦਾ।

(ਅ) ਕਿਸੇ ਨੂੰ ਵੀ ਗੁਰਬਾਣੀ ਪ੍ਰਵਾਹ ਉੱਪਰ ਅਜਾਰੇਦਾਰੀ (ਸੋਲ, ਐਕਸਲੂਸਿਵ ਐਂਡ ਐਬਸੁਲੂਟ ਰਾਈਟਸ) ਸਥਾਪਿਤ ਨਾ ਕਰਨ ਦਿੱਤੀ ਜਾਵੇ ਕਿਉਂਕਿ ਗੁਰਬਾਣੀ ਸਰਬ-ਸਾਂਝੀ ਹੈ।

ੲ) ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਕਰਕੇ ਪ੍ਰਚਾਰ-ਪ੍ਰਸਾਰ ਕਰਨ ਦੇ ਇੱਛਕ ਮੰਚ/ਚੈਨਲ ਕਿਸੇ ਵੀ ਅਜਿਹੀ ਸਮਗਰੀ ਦਾ ਪ੍ਰਸਾਰਣ ਨਹੀਂ ਕਰ ਸਕਦੇ ਜੋ ਕਿ ਗੁਰਮਤਿ ਸਿਧਾਂਤਾਂ ਦੇ ਉਲਟ ਹੋਵੇ ਅਤੇ ਨਾ ਹੀ ਉਹ ਪੰਜ-ਵਿਕਾਰਾਂ ਜਾਂ ਇਨ੍ਹਾਂ ਵਿਕਾਰਾਂ ਉੱਤੇ ਅਧਾਰਿਤ ਜੀਵਨ-ਜਾਚ ਨੂੰ ਹੱਲਾਸ਼ੇਰੀ ਦੇਣ ਵਾਲੀ ਸਮਗਰੀ ਦਾ ਪ੍ਰਸਾਰਣ ਕਰ ਸਕਦੇ।

(ਸ) ਜਿਹੜੇ ਵਪਾਰਕ ਅਦਾਰੇ (ਮੰਚ/ਚੈਨਲ) ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਕਰਨਾ ਚਾਹੁੰਦੇ ਹਨ ਉਹਨਾਂ ਕੋਲੋਂ ਪਹਿਲਾਂ ਅਤੇ ਮਿਆਦੀ ਸਹਿਯੋਗ ਵੱਜੋਂ ਰਕਮ ਲੈਣ ਦਾ ਕੋਈ ਪ੍ਰਬੰਧ ਸਿਰਜਿਆ ਜਾ ਸਕਦਾ ਹੈ। ਪਰ ਇਨ੍ਹਾਂ ਵਪਾਰਕ ਮੰਚਾਂ/ਚੈਨਲਾਂ ਲਈ ਸਮੇਂ-ਸਮੇਂ ਉੱਤੇ ਮਿੱਥੀਆਂ ਜਾਣ ਵਾਲੀਆਂ ਸ਼ਰਤਾਂ ਦੀ ਅਤੇ ਸਿਧਾਂਤਕ-ਸੇਧਾਂ ਦੀ ਪਾਲਣਾ ਕਰਨੀ ਲਾਜਮੀ ਹੋਵੇਗੀ ਅਤੇ ਇਹ ਮੰਚ/ਚੈਨਲ ਕੀਤੇ ਜਾਣ ਵਾਲੇ ਗੁਰਬਾਣੀ ਪ੍ਰਵਾਹ ਉੱਤੇ ਅਜਾਰੇਦਾਰੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਹੱਕਾਂ ਦਾ ਦਾਅਵਾ ਨਹੀਂ ਕਰ ਸਕਦੇ, ਭਾਵ ਕਿ ਇਨ੍ਹਾਂ ਵੱਲੋਂ ਕੀਤਾ ਜਾਣ ਵਾਲਾ ਗੁਰਬਾਣੀ ਪ੍ਰਵਾਹ ਦਾ ਪ੍ਰਸਾਰਣ ਵੀ ਸਰਬ-ਸਾਂਝਾ ਹੀ ਮੰਨਿਆ ਜਾਵੇਗਾ (ਜਿਸ ਨੂੰ ਕਿ ਤਕਨੀਕੀ ਸ਼ਬਦਾਵਾਲੀ ਵਿੱਚ ‘ਕ੍ਰਿਏਟਿਵ ਕੌਮਨ’ ਕਿਹਾ ਜਾਂਦਾ ਹੈ’)। ਕਮੇਟੀ ਨੇ ਭਵਿਖ ਵਿੱਚ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਪੇਸਕਸ਼ ਕੀਤੀ ਹੈ।