India International

PM ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਮੁੱਖ ਨੁਕਤਿਆਂ ‘ਤੇ ਚਰਚਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਬਿਹਾਰ ਦੇ ਜਯਨਗਰ ਤੇ ਨੇਪਾਲ ਦੇ ਕੁਰਥਾ ਵਿਚਾਲੇ ਸਰਹੱਦੋਂ ਪਾਰ ਰੇਲ ਨੈੱਟਵਰਕ ਦਾ ਉਦਘਾਟਨ ਕੀਤਾ। ਇਸ ਮੌਕੇ ਨੇਪਾਲ ਵਿੱਚ ਰੁਪੈ ਭੁਗਤਾਨ ਕਾਰਡ ਦੀ ਸ਼ੁਰੂਆਤ ਕੀਤੀ ਗਈ। ਦੋਵਾਂ ਨੇਤਾਵਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, “ਬਿਜਲੀ ਸਹਿਯੋਗ ‘ਤੇ ਸਾਡਾ ਸਾਂਝਾ ਦ੍ਰਿਸ਼ਟੀਕੋਣ ਦੋਵਾਂ ਦੇਸ਼ਾਂ ਦੇ ਭਵਿੱਖੀ ਸਹਿਯੋਗ ਲਈ ਇੱਕ ਬਲੂਪ੍ਰਿੰਟ ਸਾਬਤ ਹੋਵੇਗਾ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਦੇਉਬਾ ਭਾਰਤ ਦੇ ਪੁਰਾਣੇ ਮਿੱਤਰ ਹਨ। ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦੀ ਪੰਜਵੀਂ ਭਾਰਤ ਯਾਤਰਾ ਹੈ। ਉਨ੍ਹਾਂ ਨੇ ਭਾਰਤ-ਨੇਪਾਲ ਸਬੰਧਾਂ ਨੂੰ ਵਿਕਸਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਅਤੇ ਨੇਪਾਲ ਦਰਮਿਆਨ ਦੋਸਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਲੋਕਾਂ ਦਾ ਆਪਸੀ ਰਿਸ਼ਤਾ ਅਤੇ ਇਸ ਤਰ੍ਹਾਂ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਦੇਖੀ ਜਾ ਸਕਦੀ। ਦਿਓਬਾ ਉੱਚ ਪੱਧਰੀ ਵਫ਼ਦ ਦੇ ਨਾਲ ਸ਼ੁੱਕਰਵਾਰ ਨੂੰ ਤਿੰਨ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ ਸਨ।