ਚੰਡੀਗੜ੍ਹ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਇਸ ਵੇਲੇ ਦੇਸ਼ ਦੇ ਕਈ ਸੂਬਿਆਂ ਦਾ ਦੌਰਾ ਕਰ ਰਹੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਗੇ ਕਈ ਸਵਾਲ ਰੱਖੇ ਹਨ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਦੇਸ਼ ਦੇ ਕਈ ਹਿੱਸਿਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਦੇ ਖਿਲਾਫ਼ ਵਿਰੋਧੀ ਧਿਰ ਨੂੰ ਇੱਕਠਾ ਕੀਤਾ ਜਾ ਸਕੇ।
ਡਾ. ਚੀਮਾ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ ਪਰ ਇਹ ਸਵਾਲ ਮੁੱਖ ਮੰਤਰੀ ਮਾਨ ਕੋਲੋਂ ਪੁੱਛਣਾ ਬਣਦਾ ਹੈ ਕਿ ਹੁਣ ਤਾਂ ਉਹ ਕੇਜਰੀਵਾਲ ਦੇ ਨਾਲ ਬੰਗਾਲ,ਤੇਲੰਗਾਨਾਂ ,ਮਹਾਰਾਸ਼ਟਰਾ ਸੂਬਿਆਂ ਦੇ ਦੌਰੇ ਕਰ ਰਹੇ ਹਨ ਪਰ ਜਦੋਂ ਬੀਬੀਐਮਬੀ ਦਾ ਮਸਲਾ ਖੜਾ ਹੋਇਆ ਸੀ ਤੇ ਹੋਰ ਵੀ ਕਈ ਮਾਮਲਿਆਂ ‘ਚ ਪੰਜਾਬ ਨਾਲ ਕੇਂਦਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਤਾਂ ਉਸ ਦਾ ਜ਼ਿਕਰ ਕੀਤੇ ਵੀ ਨਹੀਂ ਕੀਤਾ। ਚੰਡੀਗੜ੍ਹ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀ ਮਾਂ ਬੋਲੀ ਪੰਜਾਬੀ ਨਾਲ ਵਿਤਕਰਾ ਹੋ ਰਿਹਾ,60:40 ਦਾ ਅਨੁਪਾਤ ਖ਼ਤਮ ਕੀਤਾ ਜਾ ਰਿਹਾ ਹੈ,ਪੰਜਾਬ ਵਿੱਚ ਬੀਐਸਐਫ਼ ਦਾ ਦਾਇਰਾ ਵੱਧਾ ਦਿੱਤਾ ਗਿਆ,ਉਸ ਵੇਲੇ ਸਰਕਾਰ ਦੇ ਖਿਲਾਫ਼ ਕਿਉਂ ਨਹੀਂ ਬੋਲਦੇ ?
The Punjab CM owes an explanation to Punjabis why he is parroting his Master’s voice ( Arwind Kejriwal ) & not taking up any of emergent Punjab issues during his ‘Bharat Yatra’. pic.twitter.com/5AMQ1JYcQI
— Dr Daljit S Cheema (@drcheemasad) May 29, 2023
ਡਾ. ਚੀਮਾ ਨੇ ਇਹ ਵੀ ਕਿਹਾ ਹੈ ਕਿ ਕੇਜਰੀਵਾਲ ਦੀ ਗੱਲ ਮੰਨ ਕੇ ਮੁੱਖ ਮੰਤਰੀ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਵੀ ਬਾਈਕਾਟ ਕਰ ਦਿੱਤਾ,ਜਿਸ ਦਾ ਨੁਕਸਾਨ ਹੁਣ ਪੰਜਾਬ ਦੇ ਲੋਕਾਂ ਨੂੰ ਝੱਲਣਾ ਪਵੇਗਾ ਪਰ ਜਿਥੇ ਕੇਜਰੀਵਾਲ ਆਪਣੀ ਗੱਲ ਰੱਖਦੇ ਹਨ,ਉਥੇ ਘੱਟ ਤੋਂ ਘੱਟ ਮਾਨ ਨੂੰ ਵੀ ਪੰਜਾਬ ਦੀ ਗੱਲ ਰੱਖਣੀ ਚਾਹੀਦੀ ਹੈ।