ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਆਪ ‘ਤੇ ਪੰਜਾਬ ਦੇ ਸ਼ਾਂਤ ਮਾਹੌਲ ਵਿੱਚ ਕੁੜਤਨ ਭਰਨ ਤੇ ਭਾਈਚਾਰਕ ਸਾਂਝ ਖ਼ਤਮ ਕਰਨ ਦਾ ਇਲਜ਼ਾਮ ਲਗਾਇਆ ਹੈ। ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਆਪ ਸਰਕਾਰ ‘ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਿੱਧੂ ਦੀ ਮੌਤ ਦੀ ਸਾਜ਼ਿਸ਼ ਮੁੱਖ ਮੰਤਰੀ ਦਫ਼ਤਰ ਵਿੱਚ ਰਚੀ ਗਈ। ਉਨਾਂ ਦਾਅਵਾ ਕੀਤਾ ਕਿ ਇਸ ਗੱਲ ਦੀ ਗਵਾਹੀ ਉਸ ਦੇ ਮਾਤਾ-ਪਿਤਾ ਨੇ ਵੀ ਭਰੀ ਹੈ ਤੇ ਚਲਾਨ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੀ ਸੁਰੱਖਿਆ ਨੂੰ ਲੀਕ ਕੀਤਾ ਗਿਆ, ਜਿਸ ਮਗਰੋਂ ਉਸਦੇ ਕਤਲ ਦੀ ਸਾਜ਼ਿਸ਼ ਰਚੀ ਗਈ।
ਕਲੇਰ ਨੇ ਇਲਜ਼ਾਮ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੀ ਨਵੀਂ ਆਬਕਾਰੀ ਨੀਤੀ ‘ਤੇ ਚੁੱਕੇ ਸਵਾਲਾਂ ਦਾ ਜੁਆਬ ਦੇਣ ਦੀ ਬਜਾਇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਖਿਲਾਫ ਗਲਤ ਸ਼ਬਦਾਵਲੀ ਵਰਤਣ ਦਾ ਇਲਜ਼ਾਮ ਲਗਾਕੇ ਗੱਲ ਨੂੰ ਟਾਲ ਦਿੱਤਾ, ਜਦਕਿ ਗਲਤ ਵਿਵਹਾਰ ਕਰਨ ਵਿੱਚ ਆਪ ਲੀਡਰ ਸਭ ਤੋਂ ਅੱਗੇ ਹਨ। ਅਰਸ਼ਦੀਪ ਨੇ ਇਥੇ ਕਾਂਗਰਸੀ ਆਗੂ ਦਲਬੀਰ ਗੋਲਡੀ ਦੀ ਪਤਨੀ ਵਾਲੇ ਕੇਸ ਦਾ ਹਵਾਲਾ ਦਿੱਤਾ। ਅਕਾਲੀ ਦਲ ਦੇ ਬੁਲਾਰੇ ਕਲੇਰ ਨੇ ਆਪ ਦੇ ਬੁਲਾਰੇ ਕੰਗ ਨੂੰ ਮਾਲਵਿੰਦਰ ਸਿੰਘ ਕੰਗ ਨੂੰ ਐਕਸਾਈਜ਼ ਮਾਮਲੇ ਵਿੱਚ ਹੋਏ ਘੋਟਾਲੇ ਸੰਬੰਧੀ ਬਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਇਲਜ਼ਾਮਾਂ ਨੂੰ ਗਲਤ ਸਾਬਿਤ ਕਰਨ ਦੀ ਖੁੱਲੀ ਚੁਣੌਤੀ ਦਿੰਦਿਆਂ ਸਾਂਝੇ ਪਲੇਟਫਾਰਮ ‘ਤੇ ਬਹਿਸ ਦਾ ਸੱਦਾ ਦਿੱਤਾ ਹੈ ਤੇ ਅਕਾਲੀ ਸਰਕਾਰ ਵੱਲੋਂ 2007 ਤੋਂ ਲੈ ਕੇ 2017 ਤੱਕ ਕੀਤੇ ਕੰਮਾਂ ਨੂੰ ਗਲਤ ਸਾਬਿਤ ਕਰਨ ਦੀ ਵੀ ਕੰਗ ਨੂੰ ਚੁਣੌਤੀ ਦਿੱਤੀ ਹੈ।
ਅਕਾਲੀ ਦਲ ਨੇ ਪੰਜਾਬ ਦੇ ਮੌਜੂਦਾ ਹਾਲਤਾਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਹੱਕ ‘ਚ ਮੁਹਿੰਮ ਚਲਾਈ ਹੋਈ ਹੈ, ਮਜੀਠੀਆ ਨੇ ਵੀ ਕੱਲ ਪ੍ਰੈਸ ਦੀ ਆਜ਼ਾਦੀ ਦੇ ਹੱਕ ‘ਚ ਲੋੜ ਪੈਣ ‘ਤੇ ਜੇਲ੍ਹ ਭਰੋ ਅੰਦੋਲਨ ਕਰਨ ਦਾ ਐਲਾਨ ਕੀਤਾ ਸੀ ਤੇ ਅੱਜ ਕਲੇਰ ਨੇ ਫੇਰ ਪੱਤਰਕਾਰਾਂ ਦੇ ਹੱਕ ਚ ਆਵਾਜ਼ ਚੁੱਕੀ ਤੇ ਸਰਕਾਰ ‘ਤੇ ਮੀਡੀਆ ਨੂੰ ਕੰਟਰੋਲ ਕਰਨ ਤੇ ਦਬਾਉਣ ਦਾ ਇਲਜ਼ਾਮ ਲਾਉਂਦੇ ਹੋਏ ਕੁਝ ਖਾਸ ਚੈਨਲਾਂ ਤੇ ਪੱਤਰਕਾਰਾਂ ਦਾ ਨਾਂ ਲੈ ਕੇ ਮੀਡੀਆ ਨਾਲ ਪੱਖਪਾਤ ਕਰਨ ਦੇ ਇਲਜ਼ਾਮ ਵੀ ਲਾਏ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਨ ਵਾਲੇ ਚੈਨਲ ਦਾ ਨਾਮ ਲੈਂਦੇ ਹੋਏ ਕਲੇਰ ਨੇ ਸਰਕਾਰ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਉਕਤ ਚੈਨਲ ਵੱਲੋਂ ਲਾਰੈਂਸ ਦੀਆਂ ਦੋ ਇੰਟਰਵਿਊ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਸਪੱਸ਼ਟੀਕਰਨ ਕਿਉਂ ਨਹੀਂ ਆਇਆ ਹੈ।ਅਕਾਲੀ ਲੀਡਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਮੀਡੀਆ ਦਾ ਦੁਰਵਿਵਹਾਰ ਦਾ ਇਲਜ਼ਾਮ ਲਾਉਂਦੇ ਹੋਏ ਇੱਕ ਪੁਰਾਣੀ ਵੀਡੀਉ ਵੀ ਮੀਡੀਆ ਨੂੰ ਦਿਖਾਈ, ਜਿਸ ਵਿੱਚ ਮੁੱਖ ਮੰਤਰੀ ਮਾਨ ਨੂੰ ਇੱਕ ਪੱਤਰਕਾਰ ਨਾਲ ਉਲਝਦੇ ਹੋਏ ਦੇਖਿਆ ਜਾ ਸਕਦਾ ਹੈ।
ਅਕਾਲੀ ਦਲ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਮਸਲੇ ਚ ਪੱਤਰਕਾਰਾਂ ਤੋਂ ਹੋਈ ਪੁੱਛਗਿੱਛ ਤੇ ਪੁਲਿਸ ਦੇ ਛਾਪਿਆਂ ਨੂੰ ਕੰਗ ਨੇ ਮਾਮੂਲੀ ਪੁੱਛਗਿੱਛ ਦੱਸਿਆ ਹੈ ਜਦਕਿ ਪੰਜਾਬ ਦੇ ਕੁੱਝ ਵੈਬ ਚੈਨਲਾਂ ਤੇ ਨਾਮੀ ਅਖਬਾਰਾਂ ਦੇ ਪੇਜ ਬੰਦ ਕੀਤੇ ਗਏ ਤੇ ਧਮਕਾਇਆ ਵੀ ਗਿਆ। ਕਲੇਰ ਨੇ ਦਾਅਵਾ ਕੀਤਾ ਹੈ ਕਿ ਕੱਲ ਹੋਈ ਇੱਕ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਪੰਜਾਬ ਨੇ ਇੱਕ ਪੱਤਰਕਾਰ ਬੀਬੀ ਦਾ ਫੋਨ ਵੀ ਖੋਹਿਆ ਹੈ ਤੇ ਕੰਗ ਕੋਲੋਂ ਇਸ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਹੈ। ਹਾਲਾਂਕਿ ਚਲਦੀ ਪ੍ਰੈਸ ਕਾਨਫਰੰਸ ਵਿੱਚ ਇੱਕ ਮਕਬੂਲ ਮੀਡੀਆ ਅਦਾਰੇ ਦਾ ਪੇਜ ਸਰਕਾਰ ਵੱਲੋਂ ਬੰਦ ਨਾ ਕੀਤੇ ਜਾਣ ਦੀ ਗੱਲ ‘ਤੇ ਕਲੇਰ ਦੀ ਇੱਕ ਪੱਤਰਕਾਰ ਨਾਲ ਹਲਕੀ ਬਹਿਸ ਵੀ ਹੋਈ।
ਅਕਾਲੀ ਦਲ ਨੇ ਔਰਤਾਂ ਨੂੰ 1000 ਰੁਪਏ ਦੇਣ,ਬੀਐਮਡਬਲਿਊ ਪਲਾਂਟ ਪੰਜਾਬ ਵਿੱਚ ਲੱਗਣ ਤੇ ਗੋਲਡੀ ਬਰਾੜ ਦੀ ਗ੍ਰਿਫਤਾਰੀ ਸਣੇ ਮੁੱਖ ਮੰਤਰੀ ‘ਤੇ ਹੋਰ ਕਈ ਝੂਠ ਬੋਲਣ ਦਾ ਵੀ ਇਲਜ਼ਾਮ ਲਾਇਆ ਤੇ ਕਿਸਾਨਾਂ ਦੇ ਮੁਆਵਜ਼ੇ, ਸਿੱਧੂ ਮੂਸੇ ਵਾਲਾ ਕਤਲਕਾਂਡ ਤੇ ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਣ ਦਾ ਮਾਮਲੇ ‘ਤੇ ਵੀ ਕਲੇਰ ਨੇ ਸਰਕਾਰ ਤੋਂ ਜਵਾਬ ਮੰਗਿਆ ਹੈ।