Punjab

ਸਬ-ਕਮੇਟੀ ਨੇ ਸੌਂਪੀ ਜਥੇਦਾਰ ਨੂੰ ਰਿਪੋਰਟ,ਪੰਜ ਪਿਆਰਿਆਂ ਨਾਲ ਵਿਚਾਰ ਤੋਂ ਬਾਅਦ ਜਾਰੀ ਕਰਨਗੇ ਆਦੇਸ਼

ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੀ ਗਈ ਹੈ। ਕਮੇਟੀ ਦੇ ਕੋ-ਆਰਡੀਨੇਟਰ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਸੀਲਬੰਦ ਲਿਫਾਫੇ ਵਾਲੀ ਰਿਪੋਰਟ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ । ਆਉਂਦੇ ਦਿਨਾਂ ਵਿੱਚ ਜਥੇਦਾਰ ਪੰਜ ਪਿਆਰਿਆਂ ਨਾਲ ਮੀਟਿੰਗ ਕਰ ਕੇ ਇਸ ਸੰਬੰਧ ਵਿੱਚ ਫੈਸਲਾ ਲੈਣਗੇ।ਕਮੇਟੀ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਲਿਖ ਕੇ ਦੱਸੇ ਹਨ,ਜਿਸ ਦਾ ਸਾਰਾ ਰਿਕਾਰਡ ਰੱਖਿਆ ਗਿਆ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਧਰਨਿਆਂ-ਮੁਜ਼ਾਹਰਿਆਂ ਅਤੇ ਕਬਜ਼ੇ ਵਾਲੀਆਂ ਥਾਵਾਂ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਸਬੰਧੀ ਭਵਿੱਖ ਵਿੱਚ ਦਿਸ਼ਾ-ਨਿਰਦੇਸ਼ ਤੈਅ ਕਰਨ ਲਈ 16 ਮੈਂਬਰੀ ਕਮੇਟੀ ਬਣਾਈ ਗਈ ਸੀ। ਜਿਸ ਵਿੱਚ ਕਈ ਸਿੱਖ ਵਿਦਵਾਨ ਤੇ ਮਾਣਯੋਗ ਸ਼ਖਸੀਅਤਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ ਸਬ ਕਮੇਟੀ ਨੇ ਆਪਣੀ ਜੋ ਵੀ ਰਿਪੋਰਟ ਬਣਾਈ ਹੈ , ਅੱਜ 12 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿੱਚ ਸੌਂਪੀ ਗਈ ਹੈ।

ਸਬ ਕਮੇਟੀ ਦੇ ਕੋ-ਆਰਡੀਨੇਟਰ ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਇਹ ਵੀ ਦੱਸਿਆ ਹੈ ਕਿ ਬੀਤੀ 6 ਮਾਰਚ ਨੂੰ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਵਿਖੇ ਹੋਈ ਇਕੱਤਰਤਾ ਦੌਰਾਨ ਸ਼ਾਮਲ ਹੋਏ ਸਬ ਕਮੇਟੀ ਵਿਚ ਸ਼ਾਮਲ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ ਤੇ ਨਿਹੰਗ ਸਿੰਘ ਸੰਪਰਦਾਵਾਂ ਦੇ ਮੁਖੀਆਂ ਨੇ ਸਰਬਸੰਮਤੀ ਨਾਲ ਇਹ ਰਿਪੋਰਟ ਤਿਆਰ ਕੀਤੀ ਹੈ। ਜਿਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪਣ ਲਈ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ।ਇਹ ਰਿਪੋਰਟ ਮਿਲਣ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਾਹਿਬਾਨ ਨਾਲ ਵਿਚਾਰ ਕਰਨਗੇ ਤੇ ਧਰਨਿਆਂ-ਮੁਜਾਹਰਿਆਂ, ਕਬਜਿਆਂ ਵਾਲੇ ਵਿਵਾਦਗ੍ਰਸਤ ਸਥਾਨਾਂ ਅਤੇ ਨਿੱਜੀ ਹਿੱਤਾਂ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਜਾਣ ਸਬੰਧੀ ਕੋਈ ਆਦੇਸ਼ ਜਾਰੀ ਕਰਨਗੇ।