Punjab

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਇਆ ਵੱਡਾ ਸੁਨੇਹਾ,ਇਸ ਤਰੀਕ ਨੂੰ ਪਹੁੰਚੋ ਤਖ਼ਤ ਸ਼੍ਰੀ ਦਮਦਮਾ ਸਾਹਿਬ

ਚੰਡੀਗੜ੍ਹ :ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਗੰਭੀਰ  ਨੋਟਿਸ ਲੈਂਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 7 ਅਪ੍ਰੈਲ 2023 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਵਿੱਖੇ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਹੈ ਤੇ ਪੰਥ,ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ।

ਜਥੇਦਾਰ ਸ਼੍ਰੀ ਅਕਾਲ ਤਖ਼ਤ  ਸਾਹਿਬ ਨੇ ਇੱਕ ਬਿਆਨ ਜਾਰੀ ਕੀਤਾ ਹੈ ,ਜਿਸ ਵਿੱਚ ਉਹਨਾਂ ਕਿਹਾ ਹੈ ਕਿ  ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਸ ਮਕਸਦ ਦੇ ਲਈ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ।  ਪੰਜਾਬਪ੍ਰਸਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਰਾਹੀਂ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ‘ਤੇ ਟੰਗ ਕੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਚੈਨਲਾਂ ਦੀ ਅਵਾਜ਼ ਬੰਦ ਕੀਤੀ।

ਇਸ ਵਰਤਾਰੇ ਦੀ ਪੜਚੋਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਧਰਮ ਪ੍ਰਚਾਰ ਅਤੇ ਕੌਮੀ ਹੱਕਾਂ ਦੀ ਪਹਿਰੇਦਾਰੀ ਹਿੱਤ ਸਿੱਖ ਮੀਡੀਆ ਦਾ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ‘ਤੇ ਇੱਕ ਵਿਸ਼ੇਸ਼ ਇਕੱਤਰਤਾ ਮਿਤੀ 7 ਅਪ੍ਰੈਲ 2023 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ, ਬਠਿੰਡਾ ਦੀ ਪਾਵਨ ਧਰਤੀ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੀਕ ਬੁਲਾਈ ਗਈ ਹੈ।ਇਸ ਇਕੱਤਰਤਾ ਵਿਚ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਸੰਬੋਧਨ ਕਰਨਗੇ। ਸਮੂਹ ਸਿੱਖ ਅਤੇ ਪੰਜਾਬੀ ਪੱਤਰਕਾਰਤਾ ਨਾਲ ਜੁੜੇ ਹੋਏ ਪੰਜਾਬਪ੍ਰਸਤ ਵੀਰਾਂ-ਭੈਣਾ ਨੂੰ ਇਸ ਇਕੱਤਰਤਾ ਵਿਚ ਬੁਲਾਇਆ ਗਿਆ ਹੈ।

ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਮਿਤੀ 12 ਤੋਂ 15 ਅਪ੍ਰੈਲ 2023 ਤੀਕ ਗੁਰਮਤਿ ਸਮਾਗਮ ਉਲੀਕ ਗਏ ਹਨ।ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਸੰਗਤ ਵਿਸਾਖੀ ਸਮਾਗਮ ਵਿਚ ਹਾਜਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੇ।