Punjab

ਸੈਸ਼ਨ 2022-23 ਦੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਸਮਾਂਸੂਚੀ

ਮੁਹਾਲੀ : ਸੈਸ਼ਨ 2022-23 ਦੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਬਾਰੇ ਐਲਾਨ ਕੀਤਾ ਹੈ ।

ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤੇ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਪੱਧਰ ਦੀਆਂ ਖੇਡਾਂ ਨੂੰ ਅੰਡਰ 14,17 ਅਤੇ 19 ਸਾਲ ਵਰਗ ਵਿੱਚ ਆਯੋਜਿਤ ਕਰਵਾਇਆ ਜਾਣਾ ਹੈ ।

ਸੰਬੰਧਿਤ ਖੇਡ ਦਾ ਆਯੋਜਨ ਕਰਵਾਉਣ ਵਾਲੇ ਜ਼ਿਲ੍ਹੇ ਵੱਲੋਂ ਹੀ ਹੋਰ ਜ਼ਿਲ੍ਹਿਆਂ ਤੋਂ ਆਉਣ ਵਾਲੇ ਖਿਡਾਰੀਆਂ ਅਤੇ ਉਹਨਾਂ ਨਾਲ ਆਏ ਅਧਿਆਪਕ ਸਟਾਫ਼, ਡਿਊਟੀ ‘ਤੇ ਆਏ ਅਫ਼ਸਰਾਂ ਤੇ ਕਰਮਚਾਰੀਆਂ ਲਈ ਰਿਹਾਇਸ਼, ਖਾਣੇ ਅਤੇ ਖੇਡਾਂ ਦੇ ਸਥਾਨ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਖਿਡਾਰੀਆਂ ਨੂੰ ਸਵੇਰ ਤੇ ਰਾਤ ਦਾ ਭੋਜਨ ਰਿਹਾਇਸ਼ ਵਾਲੀ ਥਾਂ ਜਾਂ ਖੇਡ ਸਥਾਨ ਦੇ ਨੇੜੇ ਹੀ ਦਿੱਤਾ ਜਾਵੇ ।

ਇਸ ਤੋਂ ਇਲਾਵਾ ਖਿਡਾਰੀਆਂ ਲਈ ਦੁਪਹਿਰ ਦੇ ਭੋਜਨ ਖੇਡ ਵਾਲੇ ਸਥਾਨ ‘ਤੇ ਹੀ ਉਪਲਬਧ ਕਰਵਾਈ ਜਾਵੇਗੀ। ਇਸਤੋਂ ਇਲਾਵਾ ਖੇਡਾਂ ਦੇ ਸੁਚਾਰੂ ਸੰਚਾਲਨ ਲਈ ਵੀ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਸ. ਬੈਂਸ ਨੇ ਦੱਸਿਆ ਕਿ ਇਸ ਵਾਰ ਨਵੰਬਰ-ਦਸੰਬਰ ਮਹੀਨੇ ਦੌਰਾਨ ਪੰਜਾਬ ਰਾਜ ਦੇ 23 ਜ਼ਿਲ੍ਹਿਆਂ ਵਿੱਚ 37 ਖੇਡਾਂ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ।

ਸਾਰੇ ਪੰਜਾਬ ਤੋਂ ਅਲੱਗ ਅਲੱਗ ਖੇਡਾਂ ਤੇ ਵਰਗਾਂ ਵਿੱਚ ਜਿੱਤ ਕੇ ਆਏ ਖਿਡਾਰੀ ਰਾਜ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਹਿੱਸਾ ਲੈਣਗੇ।ਇਹਨਾੰ ਮੁਕਾਬਲਿਆਂ ਵਿੱਚ ਜਿੱਤਣ ਤੋਂ ਬਾਅਦ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ਤੇ ਪੰਜਾਬ ਦਾ ਪ੍ਰਤੀਨਿਧਿਤਵ ਕਰਨ ਦਾ ਮੌਕਾ ਮਿਲੇਗਾ।