Punjab

ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਪੂਰੀ ਕੀਤੀ ਵਿਦਿਆਰਥੀਆਂ ਦੀ ਇੱਛਾ, ਵਿਦਿਆਰਥੀਆਂ ਨੂੰ ਕਰਵਾਈ ਹਵਾਈ ਯਾਤਰਾ

The principal of Ferozepur government school fulfilled the wish of the students arranged an air trip for the students

ਫਿਰੋਜ਼ਪੁਰ : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਚਾਰ ਵਿਦਿਆਰਥੀਆਂ ਨੇ 12 ਸਾਲਾਂ ਬਾਅਦ ਰਾਜ ਬੋਰਡ ਦੀ ਪ੍ਰੀਖਿਆ ਦੀ ਮੈਰਿਟ ਸੂਚੀ ਵਿੱਚ ਜਗ੍ਹਾ ਬਣਾਈ ਤਾਂ ਪ੍ਰਿੰਸੀਪਲ ਨੇ ਉਨ੍ਹਾਂ ਦੀ ਹਵਾਈ ਯਾਤਰਾ ਦੀ ਇੱਛਾ ਪੂਰੀ ਕੀਤੀ । ਫਿਰੋਜ਼ਪੁਰ ਦੇ ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵਿਦਿਆਰਥੀਆਂ ਦੇ ਹਵਾਈ ਸਫਰ ਦਾ ਖਰਚਾ ਆਪਣੀ ਜੇਬ ਵਿੱਚੋਂ ਅਦਾ ਕਰ ਰਹੇ ਹਨ। ਸ਼ਰਮਾ ਅਨੁਸਾਰ ਸਕੂਲ ਦੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਪਿਛਲੇ 12 ਸਾਲਾਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰੀਖਿਆ ਦੀ ਮੈਰਿਟ ਸੂਚੀ ਵਿੱਚ ਥਾਂ ਨਹੀਂ ਬਣਾ ਰਹੇ ਸਨ।

ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵਿੱਚ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਲਈ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਪੁੱਛਿਆ। ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ‘ਜਹਜ ਦਾ ਝੂਟਾ’ (ਹਵਾਈ ਯਾਤਰਾ) ਦੀ ਕਾਮਨਾ ਕੀਤੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਦੀ ਇੱਛਾ ਪੂਰੀ ਕਰਾਂਗਾ । ਉਨ੍ਹਾਂ ਦੱਸਿਆ ਕਿ ਮੈਂ ਇੱਕ ਪ੍ਰਾਰਥਨਾ ਸਭਾ ਵਿੱਚ ਐਲਾਨ ਕੀਤਾ ਕਿ ਜੇਕਰ 10ਵੀਂ ਜਾਂ 12ਵੀਂ ਜਮਾਤ ਦਾ ਕੋਈ ਵਿਦਿਆਰਥੀ ਬੋਰਡ ਦੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਸਥਾਨ ਹਾਸਲ ਕਰਦਾ ਹੈ ਤਾਂ ਮੈਂ ਦੇਸ਼ ਵਿੱਚ ਉਨ੍ਹਾਂ ਦੀ ਪਸੰਦ ਦੀ ਕਿਸੇ ਵੀ ਜਗ੍ਹਾ ਲਈ ਹਵਾਈ ਯਾਤਰਾ ਯਕੀਨੀ ਬਣਾਵਾਂਗਾ। ਸਕੂਲ ਦੇ ਜ਼ਿਆਦਾਤਰ ਵਿਦਿਆਰਥੀ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਤੋਂ ਹਨ। ਇਸ ਤੋਂ ਬਾਅਦ 10ਵੀਂ ਜਮਾਤ ਦੇ ਦੋ ਅਤੇ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਫਾਈਨਲ ਪ੍ਰੀਖਿਆ ਵਿੱਚ ਮੈਰਿਟ ਹਾਸਿਲ ਕੀਤੀ।

ਸ਼ਰਮਾ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਭਜਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਪਿਛਲੇ ਸਾਲ ਨਵੰਬਰ ਵਿੱਚ ਇੱਕ ਫਲਾਈਟ ਵਿੱਚ ਅੰਮ੍ਰਿਤਸਰ ਤੋਂ ਗੋਆ ਗਈਆਂ ਸਨ। ਦੋਵਾਂ ਨੇ ਗੋਆ ਵਿੱਚ ਇੰਡੀਆ ਇੰਟਰਨੈਸ਼ਨਲ ਇਨੋਵੇਸ਼ਨ ਐਂਡ ਇਨਵੈਂਸ਼ਨ ਐਕਸਪੋ (INEX-2022) ਵਿੱਚ ਹਿੱਸਾ ਲਿਆ ਸੀ। ਭਜਨਪ੍ਰੀਤ ਦੇ ਪਿਤਾ ਸਥਾਨਕ ਗੁਰਦੁਆਰੇ ਵਿੱਚ ਗ੍ਰੰਥੀ ਹਨ ਅਤੇ ਸਿਮਰਨਜੀਤ ਦੇ ਪਿਤਾ ਇੱਕ ਟਰੱਕ ਮਕੈਨਿਕ ਹਨ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਹੁਣ ਦੋ ਹੋਰ ਵਿਦਿਆਰਥੀ ਜਨਵਰੀ ਦੇ ਆਖਰੀ ਹਫ਼ਤੇ ਅੰਮ੍ਰਿਤਸਰ ਤੋਂ ਦਿੱਲੀ ਫਲਾਈਟ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ਵਿੱਚ ਰਾਸ਼ਟਰਪਤੀ ਭਵਨ, ਲਾਲ ਕਿਲ੍ਹਾ ਅਤੇ ਹੋਰ ਥਾਵਾਂ ਦਾ ਦੌਰਾ ਕਰਨਗੇ ।ਇਸ ਤੋਂ ਅੱਗੇ ਸ਼ਰਮਾ ਨੇ ਕਿਹਾ ਕਿ ਹੁਣ 10ਵੀਂ ਅਤੇ 12ਵੀਂ ਜਮਾਤ ਦੇ 22 ਹੋਰ ਵਿਦਿਆਰਥੀਆਂ ਨੇ ਮੈਰਿਟ ਪ੍ਰਾਪਤ ਕਰਨ ਲਈ ਆਪਣਾ ਨਾਮ ਦਰਜ ਕਰਵਾਇਆ ਹੈ।

ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਮੈਨੂੰ ਪੁੱਛਿਆ ਕਿ ਜੇਕਰ ਸਾਰੇ 22 ਵਿਦਿਆਰਥੀ ਮੈਰਿਟ ਵਿੱਚ ਆਏ ਤਾਂ ਮੈਂ ਉਸ ਮਾਮਲੇ ਵਿੱਚ ਕੀ ਕਰਾਂਗਾ? ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਜੋ ਕਿਹਾ ਹੈ ਉਸ ‘ਤੇ ਕਾਇਮ ਹਾਂ। ਉਨ੍ਹਾਂ ਨੂੰ ‘ਜਹਾਜ਼ ਦਾ ਝੂਟਾ’ ਮਿਲੇਗਾ।” ਵਿਦਿਆਰਥੀਆਂ ਨੇ ਹੁਣ ਹਵਾਈ ਯਾਤਰਾ ਦੇ ਨਾਲ ਮੈਰਿਟ ਨੂੰ ਜੋੜ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ 2019 ਵਿੱਚ ਸਕੂਲ ਜੁਆਇਨ ਕੀਤਾ ਸੀ, ਤਾਂ ਉਸ ਸਮੇਂ ਜ਼ਿਲ੍ਹੇ ਦੇ 56 ਸਕੂਲਾਂ ਵਿਚੋਂ ਇਸ ਸਕੂਲ ਦਾ 48ਵਾਂ ਰੈਂਕ ਸੀ। ਉਸ ਦਾ ਦਾਅਵਾ ਹੈ ਕਿ ਹੁਣ ਇਹ ਸਕੂਲ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲੇ ਸਥਾਨ ‘ਤੇ ਹੈ।