Punjab

ਵਿਦੇਸ਼ੋਂ ਮੁੜੇ ਬਲਕੌਰ ਸਿੰਘ ਦਾ ਛਲਕਿਆ ਦਰਦ, ਪੁੱਤ ਦੀ ਸਮਾਧ ‘ਤੇ ਜਾ ਕੇ ਕੀਤਾ ਉਸ ਨੂੰ ਯਾਦ

Balkaur Singh's grief after returning from abroad, remembered him by going to his son's grave

ਮਾਨਸਾ : ਪਿਛਲੇ ਕੁਝ ਦਿਨਾਂ ਤੋਂ ਦੇਸ ਤੋਂ ਬਾਹਰ ਗਏ ਹੋਏ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ( Balkaur Singh ) ਵਤਨ ਵਾਪਸ ਪਰਤ ਆਏ ਹਨ। ਉਹਨਾਂ ਹਰ ਐਤਵਾਰ ਦੀ ਤਰਾਂ ਆਪਣੇ ਘਰ ਵਿੱਚ ਮਿਲਣ ਆਏ ਲੋਕਾਂ ਨੂੰ ਸੰਬੋਧਨ ਕੀਤਾ ਹੈ। ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹੋਏ ਉਹਨਾਂ ਨੇ ਇਨਸਾਫ ਹੋਣ ਦੀ ਉਮੀਦ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਜਾਂਚ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।

ਉਹਨਾਂ ਗੈਂਗਸਟਰਾਂ ਵਲੋਂ ਅਪਨਾਏ ਜਾਂਦੇ ਹੱਥਕੰਡਿਆਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਹ ਜਾਣ ਬੁਝ ਕੇ ਨਾਬਾਲਗਾਂ ਨੂੰ ਆਪਣੇ ਝਾਂਸੇ ਵਿੱਚ ਲੈਂਦੇ ਹਨ ਕਿਉਂਕਿ ਪੁਲਿਸ ਵਲੋਂ ਉਹਨਾਂ ਤੋਂ ਪੁੱਛਗਿੱਛ ਕਰਨਾ ਔਖਾ ਹੁੰਦਾ ਹੈ ਤੇ ਉਹ ਆਸਾਨੀ ਨਾਲ ਬਚ ਸਕਦੇ ਹਨ। ਇਸ ਲਈ ਸਰਕਾਰਾਂ ਵੀ ਕੁਝ ਨਹੀਂ ਕਰ ਰਹੀਆਂ ਚਾਹੇ ਇਹ ਨਾਬਾਲਗ ਕਿਸੇ ਨੂੰ ਮਾਰ ਦੇਣ ਜਾ ਕਿਸੇ ਦੇ ਘਰੇ ਬੰਬ ਸੁੱਟ ਦੇਣ। ਇਹਨਾਂ ਦਾ ਹੌਂਸਲਾ ਏਨਾ ਵੱਧ ਗਿਆ ਹੈ ਕਿ ਇਹ ਹੁਣ ਪੁਲਿਸ ‘ਤੇ ਵੀ ਹਮਲੇ ਕਰਨ ਲੱਗ ਗਏ ਹਨ।

ਲਾਰੈਂਸ ਵੱਲੋਂ ਆਵਾਜ਼ ਸੈਂਪਲ ਦੇਣ ਤੋਂ ਨਾਂਹ ਕਰਨ ਦੀ ਗੱਲ ਵੀ ਉਹਨਾਂ ਕੀਤੀ ਹੈ ਤੇ ਕਿਹਾ ਹੈ ਕਿ ਇੰਨੇ ਕੇਸ ਚਲਦੇ ਹੋਣ ਦੇ ਬਾਵਜੂਦ ਵੀ ਉਸ ਨੂੰ ਕਿਸੇ ਇੱਕ ਵਿੱਚ ਵੀ ਸਜ਼ਾ ਨਾ ਹੋਣਾ, ਸ਼ੱਕ ਪੈਦਾ ਕਰਦਾ ਹੈ। ਕਾਨੂੰਨ ਦਾ ਮਜ਼ਾਕ ਉੱਡ ਰਿਹਾ ਹੈ ਪਰ ਜਨਤਾ ਵਲੋਂ ਚੁਣ ਕੇ ਭੇਜੇ ਗਏ 92 ਨੁਮਾਂਇੰਦੇ ਹੱਥ ‘ਤੇ ਹੱਥ ਧਰ ਕੇ ਬੈਠੇ ਹਨ । ਰੋਜ਼ਾਨਾ ਕਤਲ ਕੀਤੇ ਜਾ ਰਹੇ ਹਨ ਪਰ ਕਿਸੇ ‘ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ । ਉਹਨਾਂ ਇਹ ਵੀ ਸਵਾਲ ਕੀਤਾ ਕਿ ਜੇਕਰ ਕਤਲ ਹੋਣ ਵਾਲੇ ਤੇ ਗੋਲੀ ਚੱਲ ਸਕਦੀ ਹੈ ਤਾਂ ਚਲਾਉਣ ਵਾਲੇ ਤੇ ਕਿਉਂ ਨਹੀਂ ?

ਬਲਕੌਰ ਸਿੰਘ ਨੇ ਇਹ ਵੀ ਦੱਸਿਆ ਕਿ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਆਖਰ ਪੰਜਾਬ ਨੂੰ ਹੋ ਕੀ ਗਿਆ ਹੈ ? ਪੰਜਾਬ ਸਰਕਾਰ ਅਵੇਸਲੀ ਬੈਠੀ ਹੈ ਤੇ ਕੁਝ ਨਹੀਂ ਕਰ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਸੁਧਾਰ ਘਰਾਂ ਦੀ ਬਜਾਇ ਬਦਮਾਸ਼ਾਂ ਦਾ ਅੱਡਾ ਬਣਦੀਆਂ ਜਾ ਰਹੀਆਂ ਹਨ।ਨਸ਼ਾ ਹਰ ਜਗ੍ਹਾ ਆਮ ਮਿਲਦਾ ਹੈ ਤੇ ਰੋਜ਼ਾਨਾ ਖ਼ਪਤ ਦੇ ਹਿਸਾਬ ਨਾਲ ਪੰਜਾਬ ਦੇ ਪਿੰਡਾਂ ਵਿੱਚ ਲਗਣ ਵਾਲੀ ਚਿੱਟੇ ਦੀ ਮਾਤਰਾ ਡੇਢ ਕੁਇੰਟਲ ਬਣਦੀ ਹੈ,ਇਹ ਸਰਹੱਦ ਪਾਰ ਤੋਂ ਨਹੀਂ ਆ ਸਕਦੀ। ਉਹਨਾਂ ਸਿੱਧਾ ਇਲਜ਼ਾਮ ਲਗਾਇਆ ਹੈ ਕਿ ਇਹ ਦਿੱਲੀ ਤੋਂ ਆਉਂਦਾ ਹੈ ਤੇ ਉਥੇ ਤੇ ਪੰਜਾਬ ਵਿੱਚ ਇੱਕੋ ਸਰਕਾਰ ਹੈ। ਪੰਜਾਬ ਸਰਕਾਰ ਇਸ ਨੂੰ ਕਿਉਂ ਨਹੀਂ ਰੋਕਦੀ?

ਪੰਜਾਬ ‘ਤੇ ਚਾਰੋਂ ਪਾਸਿਆਂ ਤੋਂ ਹੋ ਰਹੇ ਹਮਲਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਨਾਲ ਗਾਲਿਆ ਜਾ ਰਿਹਾ ਹੈ ਤੇ ਜੇਕਰ ਕੋਈ ਚਾਰ ਪੈਸੇ ਕਮਾ ਲੈਂਦਾ ਹੈ ਤਾਂ ਉਸ ਤੋਂ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ ਜਾ ਫਿਰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਇਸ ਸਭ ਵਿੱਚ ਸਰਕਾਰਾਂ ਨੇ ਕੁਝ ਨਹੀਂ ਕਰਨਾ,ਸਗੋਂ ਪੰਜਾਬੀਆਂ ਨੂੰ ਆਪਣੀ ਆਉਣ ਵਾਲੀ ਨਸਲ ਨੂੰ ਬਚਾਉਣ ਲਈ ਆਪ ਲਾਮਬੰਦ ਹੋਣਾ ਪਵੇਗਾ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੇਂ ਵੀ ਇਹ ਰਾਜਸੀ ਨੇਤਾ ਤੁਹਾਡੇ ਕੋਲ ਆਉਣ ਤਾਂ ਇਹਨਾਂ ਨੂੰ ਸਵਾਲ ਕੀਤੇ ਜਾਣ । ਬਲਕੌਰ ਸਿੰਘ ਨੇ ਪਰਤਦਿਆਂ ਹੀ ਪੁੱਤਰ ਦੀ ਸਮਾਧ ‘ਤੇ ਜਾ ਕੇ ਉਸ ਨੂੰ ਯਾਦ ਵੀ ਕੀਤਾ।

ਆਪਣੀ ਇੰਗਲੈਂਡ ਫੇਰੀ ਦੇ ਦੌਰਾਨ ਉਹਨਾਂ ਖਾਲਸਾ ਐਡ ਵਾਲੇ ਭਾਈ ਰਵੀ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ,ਜਿਸ ਦੀ ਜਾਣਕਾਰੀ ਰਵੀ ਸਿੰਘ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਦਿੱਤੀ ਹੈ । ਉਹਨਾਂ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬੀਤੇ ਦਿਨ ਮਿਲਣ ਆਏ, ਅਸੀਂ ਸਮੁੱਚੀ ਕੌਮ ਨੂੰ ਸ਼ੁੱਭਦੀਪ ਦੇ ਇਨਸਾਫ ਲਈ ਅਵਾਜ਼ ਹੋਰ ਤੇਜੀ ਨਾਲ ਬੁਲੰਦ ਕਰਨ ਦੀ ਅਪੀਲ ਕਰਦੇ ਹਾਂ।