Punjab

ਫਾਜ਼ਿਲਕਾ ਨਹਿਰ ‘ਚੋਂ ਮਿਲੀ 2 ਬੱਚਿਆਂ ਦੇ ਪਿਤਾ ਦੀ ਲਾਸ਼, 2 ਦਿਨਾਂ ਤੋਂ ਲਾਪਤਾ ਸੀ ਮ੍ਰਿਤਕ

ਪਿਛਲੇ 2 ਦਿਨਾਂ ਤੋਂ ਲਾਪਤਾ ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਦੇ ਰਹਿਣ ਵਾਲੇ ਇੱਕ ਮਜ਼ਦੂਰ ਦੀ ਲਾਸ਼ ਪਿੰਡ ਦਾਨੇਵਾਲਾ ਨੇੜੇ ਨਹਿਰ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਨੌਜਵਾਨ 5 ਮਈ ਐਤਵਾਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ।

ਪਰ ਬੀਤੀ ਸ਼ਾਮ ਉਸ ਦੀ ਲਾਸ਼ ਪਿੰਡ ਦਾਨੇਵਾਲਾ ਨੇੜੇ ਇੱਕ ਨਹਿਰ ’ਚੋਂ ਬਰਾਮਦ ਹੋਈ। ਮ੍ਰਿਤਕ ਦੇ ਵਾਰਸਾਂ ਦਾ ਕਹਿਣਾ ਹੈ ਕਿ ਨਹਿਰ ਵਿਚ ਅਚਾਨਕ ਪੈਰ ਤਿਲਕਣ ਕਾਰਨ ਉਸ ਦੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਪਿਤਾ ਨਿਹਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨ ਸਿੰਘ (22) ਦਾਣਾ ਮੰਡੀ ’ਚ ਤੋਲਣ ਦਾ ਕੰਮ ਕਰਦਾ ਸੀ। 5 ਮਈ 2024 ਨੂੰ ਉਸ ਨੇ ਘਰੋਂ ਕੰਮ ‘ਤੇ ਜਾਣ ਲਈ ਕਿਹਾ। ਇਸ ਤੋਂ ਬਾਅਦ ਉਸ ਨੇ ਆਪਣੇ ਚਾਚੇ ਨੂੰ ਫੋਨ ਕਰਕੇ ਦੱਸਿਆ ਕਿ ਉਹ ਪਿੰਡ ਬੋਦੀਵਾਲਾ ਨੇੜੇ ਗੰਗਾ ਨਹਿਰ ਕੋਲ ਹੈ। ਇਸ ਦੌਰਾਨ ਅਚਾਨਕ ਉਸਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿਚ ਡਿੱਗ ਗਿਆ।

ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨ ਸਿੰਘ ਤੈਰਨਾ ਨਹੀਂ ਜਾਣਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਵੱਡੇ ਬੱਚੇ ਦੀ ਉਮਰ ਤਿੰਨ ਸਾਲ ਅਤੇ ਛੋਟੇ ਬੱਚੇ ਦੀ ਉਮਰ ਡੇਢ ਸਾਲ ਦੇ ਕਰੀਬ ਹੈ। ਇਸ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਬਾਰੇ ਪਰਿਵਾਰ ਦੀ ਪੋਸਟ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਗੰਗਾ ਨਹਿਰ ’ਚ ਇੱਕ ਲਾਸ਼ ਫਸੀ ਹੋਈ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਲਾਸ਼ ਨੂੰ ਦੇਖਿਆ ਤਾਂ ਇਹ ਉਸ ਦੀ ਹੀ ਲਾਸ਼ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ।