ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਦੀ ਗਲੇ ‘ਚ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਲਾਹੌਰ ਵਿੱਚ ਜ਼ਮਾਨ ਪਾਰਕ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੁਲਿਸ ਅਤੇ ਪਾਰਟੀ ਵਰਕਰਾਂ ਵਿਚਕਾਰ ਭਾਰੀ ਝੜਪਾਂ ਹੋਈਆਂ।
ਇਮਰਾਨ ਖਾਨ ਨੇ ਕਿਹਾ ਕਿ ‘ਉਹ ਭਾਵੇਂ ਮਾਰੇ ਜਾਣ ਜਾਂ ਗ੍ਰਿਫ਼ਤਾਰ ਹੋ ਜਾਣ, ਪਾਰਟੀ ਸੰਘਰਸ਼ ਜਾਰੀ ਰੱਖੇ।’ ਇਮਰਾਨ ਖਾਨ ਦੇ ਘਰ ਲਾਗੇ ਇਕੱਠੇ ਹੋਏ ਸਮਰਥਕਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਜ ਅੱਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ ਕੀਤੀ।
ਇਮਰਾਨ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ, ‘ਇਹ ਲੜਾਈ ਉਹ ਉਨ੍ਹਾਂ ਲਈ ਲੜ ਰਹੇ ਹਨ, ਤੇ ਲੜਦੇ ਰਹਿਣਗੇ।’ ਇਮਰਾਨ ਨੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਲੋਕ ਇਨ੍ਹਾਂ ਚੋਰਾਂ ਦੀ ਗ਼ੁਲਾਮੀ ਨੂੰ ਸਵੀਕਾਰ ਨਾ ਕਰਨ।’ ਇਮਰਾਨ ਵੱਲੋਂ ਸਮਰਥਕਾਂ ਨੂੰ ਦਿੱਤੇ ਸੱਦੇ ਤੋਂ ਬਾਅਦ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਪੁਲਿਸ ਵੱਲੋਂ ਹਾਲਾਂਕਿ ਸਖ਼ਤੀ ਵਰਤਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸਲਾਮਾਬਾਦ ਪੁਲਿਸ ਵੱਲੋਂ ਤੋਸ਼ਾਖਾਨਾ ਕੇਸ ਵਿਚ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੌਰਾਨ ਪੁਲਿਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਦੇ ਘਰ ਵੱਲ ਜਾਂਦੇ ਸਾਰੇ ਰਸਤੇ ਬੰਦ ਕਰ ਦਿੱਤੇ। ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਰਸਤਿਆਂ ਵਿਚ ਕੰਟੇਨਰ ਰੱਖ ਦਿੱਤੇ ਹਨ ਦੇ ਦੰਗਾ-ਫਸਾਦ ਰੋਕਣ ਲਈ ਵਿਸ਼ੇਸ਼ ਦਸਤੇ ਤਾਇਨਾਤ ਕੀਤੇ ਗਏ ਹਨ। ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਪੀਟੀਆਈ ਵਰਕਰ ਇਮਰਾਨ ਦੀ ਰਿਹਾਇਸ਼ ਅੱਗੇ ਜਮ੍ਹਾਂ ਹਨ। ਪੀਟੀਆਈ ਦੇ ਸੀਨੀਅਰ ਆਗੂ ਫਾਰੂਖ ਹਬੀਬ ਨੇ ਮੀਡੀਆ ਨੂੰ ਕਿਹਾ ਕਿ, ‘ਜੋ ਮਰਜ਼ੀ ਹੋ ਜਾਵੇ, ਇਮਰਾਨ ਖਾਨ ਝੂਠੇ ਕੇਸਾਂ ਵਿਚ ਪੁਲਿਸ ਅੱਗੇ ਸਮਰਪਣ ਨਹੀਂ ਕਰਨਗੇ।’
ਦੱਸਣਯੋਗ ਹੈ ਕਿ ਸੋਮਵਾਰ ਲਾਹੌਰ ਪੁਲਿਸ ਨੇ ਇਕ ਪੀਟੀਆਈ ਵਰਕਰ ਦੀ ਹੱਤਿਆ ਦੇ ਕੇਸ ਵਿਚ ਇਮਰਾਨ ਖਾਨ ਤੇ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਦੇ ਅਧਾਰ ’ਤੇ ਖਾਨ ਤੇ ਹੋਰਾਂ ਨੂੰ ਪੁਲਿਸ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਪੀਟੀਆਈ ਦਾ ਕਹਿਣਾ ਹੈ ਕਿ ਪਾਰਟੀ ਵਰਕਰ ਦੀ ਮੌਤ ਪੁਲਿਸ ਤਸ਼ੱਦਦ ਕਾਰਨ ਹੋਈ ਹੈ।
ਦੱਸ ਦੇਈਏ ਕਿ ਇਮਰਾਨ ਖਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸਲਾਮਬਾਦ ਵਿਚ ਜ਼ਿਲ੍ਹਾ ਅਦਾਲਤ ਦੀ ਸੈਸ਼ਨ ਜੱਜ ਜੇਬਾ ਚੌਧਰੀ ਨੂੰ ਧਮਕੀ ਦਿੱਤੀ ਸੀ। ਖਾਨ ਨੇ ਮਹਿਲਾ ਜੱਜ ਜੇਬਾ ਚੌਧਰੀ ਨੂੰ ਧਮਕੀ ਭਰੇ ਲਹਿਜ਼ੇ ਵਿਚ ਉਨ੍ਹਾਂ ਨੂੰ ਦੇਖ ਲੈਣ ਨੂੰ ਕਿਹਾ ਸੀ। ਇਮਰਾਨ ਖਾਨ ਦੇ ਨੇਤਾ ਸ਼ਾਹਬਾਜ ਗਿੱਲ ਨੂੰ ਪਿਛਲੇ ਸਾਲ ਰਾਜਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ 17 ਅਗਸਤ ਨੂੰ ਪੁਲਿਸ ਨੇ ਇਨ੍ਹਾਂ ਦੀ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ। ਸ਼ਹਿਬਾਜ ਗਿੱਲ ਦੀ ਰਿਮਾਂਡ ਵਧਾਉਣ ਦਾ ਫੈਸਲਾ ਜੇਬਾ ਚੌਧਰੀ ਨੇ ਹੀ ਸੁਣਾਇਆ ਸੀ ਜਿਸ ਨਾਲ ਇਮਰਾਨ ਖਾਨ ਭੜਕ ਗਏ ਸਨ।