The police arrested the drug dealer in Patiala Central Jail

ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਇਲ ਮਿਲਣ ਦਾ ਸਿਲਸਲਾ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਸਖਤੀ ਦੇ ਲੱਖ ਦਾਅਵੇ ਕੀਤੇ ਜਾਂਦੇ ਹਨ ਪਰ ਤਾਜ਼ਾ ਬਰਾਮਦਗੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਜੇਲ੍ਹਾਂ ਵਿਚ ਮੁਬਾਇਲ ਤੇ ਨਸ਼ਾ ਪਹੁੰਚਣ ਵਿਚ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗਸਟਰ ਮੋਬਾਈਲ ਰਾਹੀਂ ਆਪਣਾ ਨੈੱਟਵਰਕ ਚਲਾਉਂਦੇ ਹਨ। ਵਾਰ-ਵਾਰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਨ ਤੋਂ ਬਾਅਦ ਵੀ ਉਹ ਜੇਲ੍ਹ ਦੇ ਅੰਦਰ ਹੀ ਬੈਠ ਕੇ ਇਹ ਸਾਰਾ ਸਮਾਨ ਦੁਬਾਰਾ ਸੰਭਾਲ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਇੱਕ ਵਾਰ ਫਿਰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਮੋਬਾਈਲ ਅਤੇ ਨਸ਼ੀਲੇ ਪੈਕਟ ਸੁੱਟਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਮੁਲਜ਼ਮਾਂ ਕੋਲੋਂ 24 ਪੈਕਟ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ 27 ਮੋਬਾਈਲ ਫ਼ੋਨ, 42 ਡਾਟਾ ਕੇਬਲ, 2 ਅਡਾਪਟਰ, ਇੱਕ ਸਿਮ, 96 ਗ੍ਰਾਮ ਚਰਸ, 375 ਯੋਕ ਪਾਊਚ ਅਤੇ ਸਿਗਰਟਾਂ ਦਾ ਇੱਕ ਪੈਕੇਟ ਸ਼ਾਮਲ ਹੈ।

ਪਤਾ ਲੱਗਾ ਹੈ ਕਿ ਚਾਰ ਤੋਂ ਪੰਜ ਮੁਲਜ਼ਮ ਇਹ ਪੈਕੇਟ ਪਹੁੰਚਾਉਣ ਲਈ ਵੈਨ ਵਿੱਚ ਜੇਲ੍ਹ ਦੇ ਬਾਹਰ ਪੁੱਜੇ ਸਨ। ਇਨ੍ਹਾਂ ‘ਚੋਂ ਡਿਊਟੀ ‘ਤੇ ਕਾਂਸਟੇਬਲ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਮੌਕੇ ਤੋਂ ਫਰਾਰ ਹੋ ਗਏ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਨ੍ਹਾਂ ਕੋਲੋਂ 33 ਮੋਬਾਈਲ ਅਤੇ ਸਿਮ ਬਰਾਮਦ ਹੋਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਕਾਬੂ ਕੀਤਾ ਮੁਲਜ਼ਮ ਗੁਰਜੀਤ ਕਰਤਾਰ ਕਲੋਨੀ ਦਾ ਰਹਿਣ ਵਾਲਾ ਹੈ। ਥਾਣਾ ਤ੍ਰਿਪੜੀ ਦੇ ਇੰਚਾਰਜ ਕਰਨਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਕੇਸ ਦਰਜ ਹਨ। ਕੇਂਦਰੀ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਿਵਲ ਵਰਦੀ ਵਿੱਚ ਸੁਰੱਖਿਆ ਮੁਲਾਜ਼ਮ ਜੇਲ੍ਹ ਦੇ ਬਾਹਰ ਗਸ਼ਤ ’ਤੇ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜੇਲ੍ਹ ਪ੍ਰਸ਼ਾਸਨ ਤਿੰਨ ਮੁਲਜ਼ਮਾਂ ਨੂੰ ਫੜ ਕੇ ਪੁਲੀਸ ਹਵਾਲੇ ਕਰ ਚੁੱਕਾ ਹੈ।