‘ਦ ਖ਼ਾਲਸ ਬਿਊਰੋ :- ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੌਸਮ ਠੀਕ ਹੋਣ ਮਗਰੋਂ ਮੁੜ ਸ਼ੁਰੂ ਹੋ ਗਈ ਹੈ। ਉੱਤਰਾਖੰਡ ਸਰਕਾਰ ਨੇ ਕੱਲ੍ਹ ਬਰਫ਼ਬਾਰੀ ਕਾਰਨ ਮੌਸਮ ਖਰਾਬ ਹੋਣ ਉੱਤੇ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਯਾਤਰਾ ਕੁੱਝ ਸਮੇਂ ਲਈ ਰੋਕ ਦਿੱਤੀ ਸੀ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੀਤ ਚੇਅਰਮੈਨ ਨਰਿੰਦਰ ਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਅੱਜ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਅੱਜ ਮੌਸਮ ਠੀਕ ਹੈ ਤੇ ਯਾਤਰੀ ਵੱਖ-ਵੱਖ ਥਾਵਾਂ ਤੋਂ ਆ ਰਹੇ ਹਨ।
ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਲਗਭਗ ਸੱਤ ਹਜ਼ਾਰ ਯਾਤਰੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਗਏ ਹਨ। ਇਹ ਕੱਲ੍ਹ ਤੋਂ ਰੁਕੇ ਹੋਏ ਸਨ। ਮੌਸਮ ਖ਼ਰਾਬ ਹੋਣ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਲਗਭਗ ਇੱਕ ਫੁੱਟ ਬਰਫ਼ਬਾਰੀ ਹੋਈ। ਅਜਿਹਾ ਜੂਨ ਦੇ ਮਹੀਨੇ ਵਿਚ ਪਹਿਲੀ ਵਾਰ ਹੋਇਆ ਹੈ। ਹੁਣ ਤੱਕ ਲਗਭਗ ਸਵਾ ਲੱਖ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਯਾਤਰਾ ’ਤੇ ਆ ਚੁੱਕੇ ਹਨ ।